ਨਵੀਂ ਦਿੱਲੀ: ਅੰਤਰ ਰਾਜ ਟਰਾਂਸਪੋਰਟ ਬੱਸਾਂ ਸਮੇਤ ਗੈਰ-ਜ਼ਰੂਰੀ ਯਾਤਰੀਆਂ ਤੇ 31 ਮਾਰਚ ਤੱਕ ਰੋਕ ਲੱਗ ਗਈ ਹੈ। ਇਹ ਫੈਸਲਾ ਅੱਜ ਸਵੇਰੇ ਤਮਾਮ ਰਾਜਾਂ ਦੇ ਮੁੱਖ ਸੱਕਤਰਾਂ ਦੀ ਹਾਈ ਲੈਵਲ ਮੀਟਿੰਗ ਦੌਰਾਨ ਲਿਆ ਗਿਆ। ਇਹ ਮੀਟਿੰਗ ਪ੍ਰਧਾਨ ਮੰਤਰੀ ਮੋਦੀ ਦੇ ਕੈਬਨਿਟ ਸੱਕਤਰ ਤੇ ਪ੍ਰਮੁੱਖ ਸੱਕਤਰ ਨਾਲ ਹੋਈ। ਸਾਰੇ ਮੁੱਖ ਸੱਕਤਰਾਂ ਨੇ ਜਨਤਾ ਕਰਫਿਊ ਨੂੰ ਰਾਜਾਂ 'ਚ ਮਿਲ ਰਹੇ ਹੁੰਗਾਰੇ ਬਾਰੇ ਵੀ ਦੱਸਿਆ।


ਕੋਰੋਨਾ ਮਹਾਮਾਰੀ ਨੂੰ ਰੋਕ ਲਾਉਣ ਲਈ ਦੇਸ਼ 'ਚ ਪਾਬੰਦੀ ਦੀ ਮਿਆਦ ਨੂੰ ਵਧਾਉਣ ਲਈ ਸਾਰਿਆਂ ਨੇ ਹਮਾਇਤ ਕੀਤੀ ਤੇ ਮੌਕੇ ਦੀ ਲੋੜ ਨੂੰ ਵੇਖਦਿਆ ਇਸ ਗੱਲ ਤੇ ਸਹਿਮਤੀ ਜਤਾਈ ਕਿ ਅੰਤਰ ਰਾਜ ਟਰਾਂਸਪੋਰਟ ਬੱਸਾਂ ਸਮੇਤ ਗੈਰ-ਜ਼ਰੂਰੀ ਯਾਤਰੀਆਂ ਦੀ ਆਵਾਜਾਈ 'ਤੇ 31 ਮਾਰਚ ਤੱਕ ਰੋਕ ਲਾਉਣ ਦੀ ਲੋੜ ਹੈ। ਇਸ ਮੀਟਿੰਗ ਦੌਰਾਨ ਉਪ ਸ਼ਹਿਰੀ ਟ੍ਰੇਨਾਂ ਸਮੇਤ ਸਾਰੀਆਂ ਰੇਲ ਸੇਵਾਵਾਂ ਨੂੰ 31 ਮਾਰਚ ਤੱਕ ਬੰਦ ਕਰਨ ਦਾ ਫੈਸਲਾ ਲਿਆ ਗਿਆ ਹੈ। ਇਸ ਦੇ ਨਾਲ ਹੀ ਮੈਟਰੋ ਰੇਲ ਸੇਵਾ ਨੂੰ ਵੀ 31 ਮਾਰਚ ਤੱਕ ਬੰਦ ਕਰ ਦਿੱਤਾ ਗਿਆ ਹੈ।

ਇਸ ਦੌਰਾਨ ਰਾਜ ਸਰਕਾਰਾਂ ਨੂੰ ਢੁਕਵੇਂ ਆਦੇਸ਼ ਜਾਰੀ ਕਰਨ ਦੀ ਸਲਾਹ ਦਿੱਤੀ ਗਈ ਤਾਂ ਜੋ 75 ਜ਼ਿਲ੍ਹਿਆਂ ਵਿੱਚ ਕੇਵਲ ਜ਼ਰੂਰੀ ਸੇਵਾਵਾਂ ਨੂੰ ਚਲਾਉਣ ਦੀ ਹੀ ਇਜਾਜ਼ਤ ਦਿੱਤੀ ਜਾ ਸਕੇ, ਜਿਨ੍ਹਾਂ ਨੇ ਕੋਵਿਡ-19 ਦੇ ਕੇਸਾਂ ਦੀ ਪੁਸ਼ਟੀ ਕੀਤੇ ਜਾਂ ਮੌਤਾਂ ਹੋਣ ਦੀ ਰਿਪੋਰਟ ਦਿੱਤੀ ਹੈ। ਸੂਬਾ ਸਰਕਾਰਾਂ ਸਥਿਤੀ ਦੇ ਮੁਲਾਂਕਣ ਦੇ ਅਧਾਰ ਤੇ ਸੂਚੀ ਦਾ ਵਿਸਥਾਰ ਕਰ ਸਕਦੀਆਂ ਹਨ। ਇਹ ਨੋਟ ਕੀਤਾ ਗਿਆ ਸੀ ਕਿ ਕਈ ਰਾਜ ਸਰਕਾਰਾਂ ਪਹਿਲਾਂ ਹੀ ਇਸ ਸਬੰਧ ਵਿੱਚ ਆਦੇਸ਼ ਜਾਰੀ ਕਰ ਚੁੱਕੀਆਂ ਹਨ।