ਬਰਨਾਲਾ: ਚੜ੍ਹਦੇ ਪੰਜਾਬ ਦੇ ਬਰਨਾਲਾ ਜ਼ਿਲ੍ਹੇ ਦੇ ਪਿੰਡ ਮੂੰਮ ਦੇ ਹਿੰਦੂ ਤੇ ਮੁਸਲਿਮ ਭਾਈਚਾਰੇ ਦੇ ਲੋਕਾਂ ਵੱਲੋਂ ਨਵੀਂ ਮਿਸਾਲ ਪੈਦਾ ਕੀਤੀ ਗਈ ਹੈ। ਇਨ੍ਹਾਂ ਲੋਕਾਂ ਦੁਆਰਾ ਪੈਦਾ ਕੀਤੀ ਭਾਈਚਾਰਕ ਸਾਂਝ ਦੀ ਮਹਿਕ ਦਾ ਅਸਰ ਪਾਕਿਸਤਾਨ ਤਕ ਜਾ ਪਹੁੰਚਿਆ ਹੈ।   ਧਰਮ ਤੋਂ ਉਤਾਂਹ ਉੱਠ ਕੇ ਪਿੰਡ ਮੂੰਮ ਦੇ ਹਿੰਦੂਆਂ ਨੇ ਮੁਸਲਿਮ ਲੋਕਾਂ ਨੂੰ ਮਸਜਿਦ ਬਣਾਉਣ ਲਈ ਜ਼ਮੀਨ ਦਾਨ ਦਿੱਤੀ ਤੇ ਸਿੱਖਾਂ ਨੇ ਆਰਥਿਕ ਮੱਦਦ ਕੀਤੀ ਸੀ। ਇਨ੍ਹਾਂ ਲੋਕਾਂ ਸਦਕਾ ਪੈਦਾ ਹੋਈ ਇਸ ਭਾਈਚਾਰਕ ਮਿਸਾਲ ਤੋਂ ਪ੍ਰਭਾਵਿਤ ਹੋ ਕੇ ਸਰਹੱਦ ਪਾਰੋਂ ਲਾਹੌਰ ਸ਼ਹਿਰ ਤੋਂ ਅਕੀਦਤ ਨਵੇਦ ਨਾਂਅ ਦੀ ਲੜਕੀ ਨੇ ਪਿੰਡ ਮੂੰਮ ਦੇ ਲੋਕਾਂ ਦੇ ਨਾਂਅ ਪ੍ਰਸ਼ੰਸਾ ਪੱਤਰ ਲਿਖਿਆ ਹੈ। ਇਸ ਚਿੱਠੀ ਨੂੰ ਪਿੰਡ ਮੂੰਮ ਦੇ ਲੋਕਾਂ ਨੇ ਸੱਥ 'ਚ ਪੜ੍ਹ ਕੇ ਸੁਣਾਇਆ ਜਿਸ ਤੋਂ ਬਾਅਦ ਲੋਕਾਂ 'ਚ ਖੁਸ਼ੀ ਦੀ ਲਹਿਰ ਵੇਖੀ ਗਈ। ਇਸ ਮੌਕੇ ਮੁਸਲਿਮ ਲੋਕਾਂ ਨੇ ਕਿਹਾ ਕਿ ਉਹ ਪੂਰੇ ਮੁਸਲਿਮ ਭਾਈਚਾਰੇ ਨਾਲ ਸਲਾਹ ਮਸ਼ਵਰਾ ਕਰ ਕੇ ਇਸ ਮਸਜਿਦ ਦਾ ਨਾਂ "ਅਮਨ ਦੀ ਮਸਜਿਦ" ਰੱਖਣਗੇ। ਉੱਥੇ ਮੌਜੂਦ ਲੋਕਾਂ ਨੇ ਕਿਹਾ ਕਿ ਸਾਰੇ ਧਰਮਾਂ ਦੇ ਲੋਕਾਂ ਨੂੰ ਸਿਆਸਤ ਤੋਂ ਬਚ ਕੇ ਰਹਿਣਾ ਚਾਹੀਦਾ ਹੈ ਕਿਉਂਕਿ ਸਿਆਸਤ ਕਦੇ ਵੀ ਸਾਰੇ ਧਰਮਾਂ ਨੂੰ ਇਕੱਠਾ ਹੁੰਦਿਆਂ ਨਹੀਂ ਦੇਖਣਾ ਚਾਹੁੰਦੀ। ਨਾਲ ਹੀ ਉਨ੍ਹਾਂ ਅਕੀਦਤ ਨਵੇਦ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ।