ਨਵੀਂ ਦਿੱਲੀ/ਗੁਹਾਟੀ: ਅਰੁਣਾਚਲ ਪ੍ਰਦੇਸ਼ ਵਿੱਚ ਕਾਂਗਰਸ ਪਾਰਟੀ ਦੇ ਮੁੱਖ ਮੰਤਰੀ ਪੇਮਾ ਖਾਂਡੂ ਸਮੇਤ 44 ਕਾਂਗਰਸੀ ਵਿਧਾਇਕਾਂ ਨੇ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ ਹੈ। ਇਸ ਵੇਲੇ ਇੱਕ ਹੀ ਐਮ.ਐਲ.ਏ. ਨਾਬਾਮ ਤੁਕੀ ਜੋ ਸਾਬਕਾ ਮੁੱਖ ਮੰਤਰੀ ਹੀ ਹਨ, ਪਾਰਟੀ ਵਿੱਚ ਰਹਿ ਗਏ ਹਨ। ਅਸਤੀਫ਼ਾ ਦੇਣ ਵਾਲੇ 44 ਵਿਧਾਇਕ ਜਲਦੀ ਹੀ ਪੀਪਲਜ਼ ਪਾਰਟੀ ਆਫ ਅਰੁਣਾਚਲ, ਜਿਸ ਨੂੰ ਭਾਜਪਾ ਦਾ ਸਮਰਥਨ ਹੈ, ਜੁਆਇਨ ਕਰ ਰਹੇ ਹਨ। ਸਾਬਕਾ ਮੁੱਖ ਮੰਤਰੀ ਤੁਕੀ ਵੱਲੋਂ ਸਵੇਰੇ ਹੋਈ ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ਵਿੱਚ ਹਿੱਸਾ ਨਹੀਂ ਲਿਆ। ਇਸ ਬੈਠਕ ਵਿੱਚ ਹੀ ਪੀ.ਪੀ.ਏ. ਵਿੱਚ ਰਲੇਵੇਂ ਬਾਰੇ ਚਰਚਾ ਹੋਈ ਸੀ। ਪੇਮਾ ਖਾਂਡੂ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਈਟਾਨਗਰ ਵਿੱਚ ਦੱਸਿਆ ਕਿ ਵਿਧਾਨ ਸਭਾ ਦੇ ਸਪੀਕਰ ਨੂੰ ਇਸ ਬਾਰੇ ਸੂਚਨਾ ਦੇ ਦਿੱਤੀ ਗਈ ਹੈ ਕਿ ਕਾਂਗਰਸ ਪਾਰਟੀ ਦੇ ਵਿਧਾਇਕ ਪੀ.ਪੀ.ਏ. ਨਾਲ ਰਲੇਵਾਂ ਕਰਨਗੇ। ਦੋ ਆਜ਼ਾਦ ਵਿਧਾਇਕ ਵੀ ਪੀ.ਪੀ.ਏ. ਦਾ ਹਿੱਸਾ ਬਣਨਗੇ। ਇਸ ਦੇ ਨਾਲ ਹੀ ਬੀ.ਜੇ.ਪੀ. ਦੇ 11 ਵਿਧਾਇਕਾਂ ਨੇ ਵੀ ਬਾਹਰੋਂ ਹੀ ਪੀ.ਪੀ.ਏ. ਸਰਕਾਰ ਨੂੰ ਮਸਰਥਨ ਦੇਣ ਦਾ ਐਲਾਨ ਕੀਤਾ ਹੈ। ਇਹ ਐਲਾਨ ਪ੍ਰਦੇਸ਼ ਭਾਜਪਾ ਪ੍ਰਧਾਨ ਤਾਪਿਰ ਗੋਆ ਨੇ ਕੀਤਾ ਹੈ। 60 ਵਿਧਾਇਕਾਂ ਦੇ ਸਦਨ ਵਿੱਚ ਕਾਂਗਰਸ ਕੋਲ 47 ਵਿਧਾਇਕ ਸਨ। ਬੀ.ਜੇ.ਪੀ 11 ਤੇ ਦੋ ਆਜ਼ਾਦ ਵਿਧਾਇਕ ਹਨ। ਸੁਪਰੀਮ ਕੋਰਟ ਨੇ ਅਰੁਣਾਚਲ ਪ੍ਰਦੇਸ਼ ਵਿੱਚ ਲੱਗੇ ਰਾਸ਼ਟਰਪਤੀ ਸ਼ਾਸਨ ਨੂੰ ਖ਼ਤਮ ਕਰਦਿਆਂ 13 ਜੁਲਾਈ ਨੂੰ ਕਾਂਗਰਸ ਸਰਕਾਰ ਨੂੰ ਬਹਾਲ ਕੀਤਾ ਸੀ।