ਨਵੀਂ ਦਿੱਲੀ: ਦੇਸ਼ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਰਾਮਲੱਲਾ ਦਾ ‘ਬਨਵਾਸ’ ਜਲਦ ਖ਼ਤਮ ਹੋਣ ਦਾ ਭਰੋਸਾ ਦਿੱਤਾ ਹੈ। ‘ਏਬੀਪੀ ਨਿਊਜ਼’ ਨਾਲ ਗੱਲਬਾਤ ਕਰਦਿਆਂ ਗ੍ਰਹਿ ਮੰਤਰੀ ਨੇ ਕਿਹਾ ਕਿ ਰਾਮ ਮੰਦਰ ਜਲਦ ਬਣੇਗਾ ਤੇ ਸ਼ਾਂਤੀ ਤੇ ਸੁਹਿਰਦਤਾ ਨਾਲ ਬਣੇਗਾ। ਦਰਅਸਲ ਗ੍ਰਹਿ ਮੰਤਰੀ ਚੋਣ ਪ੍ਰਚਾਰ ਕਰ ਰਹੇ ਹਨ। ਹਾਲਾਂਕਿ ਉਨ੍ਹਾਂ ਕੋਈ ਫਾਰਮੂਲਾ ਨਹੀਂ ਦਿੱਤਾ ਕਿ ਬਨਵਾਸ ਕਿਵੇਂ ਖ਼ਤਮ ਹੋਏਗਾ ਤੇ ਰਾਮ ਮੰਦਰ ਕਦੋਂ ਬਣੇਗਾ?
ਇਸੇ ਦੌਰਾਨ ਗ੍ਰਹਿ ਮੰਤਰੀ ਨੇ ਆਰਐਸਐਸ ਦੇ ਸਹਿ ਕਰਮਚਾਰੀ ਦੱਤਾਤਰੇਆ ਹੋਸਬੋਲੇ ਦੇ ਬਿਆਨ ’ਤੇ ਕਿਹਾ ਕਿ ਪਟੇਲ ਜੀ ਦੀ ਮੂਰਤੀ ਸ਼ਾਨਦਾਰ ਬਣੀ ਹੈ, ਇਹ ਵਧੀਆ ਗੱਲ ਹੈ। ਜੇ ਉਨ੍ਹਾਂ ਦੀ ਇੱਛਾ ਹੈ ਕਿ ਰਾਮ ਮੰਦਰ ਸ਼ਾਨਦਾਰ ਬਣਨਾ ਚਾਹੀਦਾ ਹੈ ਤਾਂ ਇਸ ਵਿੱਚ ਕੁਝ ਗ਼ਲਤ ਨਹੀਂ। ਉਨ੍ਹਾਂ ਕਿਹਾ ਕਿ ਇਸ ਬਿਆਨ ’ਤੇ ਕਿਸੇ ਨੂੰ ਇਤਰਾਜ਼ ਨਹੀਂ ਹੋਣਾ ਚਾਹੀਦਾ।
ਚੋਣਾਂ ਦੌਰਾਨ ਜਾਤੀ ਤੇ ਗੋਤ ਸਬੰਧੀ ਹੋ ਰਹੀ ਸਿਆਸਤ ਬਾਰੇ ਉਨ੍ਹਾਂ ਕਿਹਾ ਕਿ ਕਿਸੇ ਸਿਹਤਮੰਦ ਜਮਹੂਰੀ ਪ੍ਰਕਿਰਿਆ ਵਿੱਚ ਕਿਸੇ ਵੀ ਪਾਰਟੀ ਤੋਂ ਅਜਿਹੀ ਉਮੀਦ ਨਹੀਂ ਕੀਤੀ ਜਾਂਦੀ। ਸਿਆਸਤ ਵਿੱਚ ਜੇ ਇਹੋ ਜਿਹੀਆਂ ਗੱਲਾਂ 'ਤੇ ਚਰਚਾ ਹੋਏਗੀ ਤਾਂ ਇਸ ਨਾਲ ਸਮਾਜਿਕ ਸਦਭਾਵਨਾ 'ਤੇ ਬੁਰਾ ਅਸਰ ਪਵੇਗਾ। ਉਨ੍ਹਾਂ ਕਿਹਾ ਕਿ ਸਮਾਜਿਕ ਸਦਭਾਵਨਾ ਨੂੰ ਤਾਰ-ਤਾਰ ਕਰ ਕੇ ਬੀਜੇਪੀ ਕਦੀ ਸਰਕਾਰ ਨਹੀਂ ਬਣਾਏਗੀ।