ਭੁਪਾਲ: ਜਿਉਂ-ਜਿਉਂ ਮੱਧ ਪ੍ਰਦੇਸ਼ ਦੇ ਚਰਚਿਤ ਹਨੀਟ੍ਰੈਪ ਕੇਸ ਦੀ ਜਾਂਚ ਅੱਗੇ ਵਧ ਰਹੀ ਹੈ, ਉਸ ਦੇ ਨਾਲ ਹੀ ਹੈਰਾਨ ਕਰਨ ਵਾਲੇ ਖੁਲਾਸੇ ਹੋ ਰਹੇ ਹਨ। ਇਸ ਮਾਮਲੇ ਵਿੱਚ ਹੁਣ ਟੀਵੀ ਪੱਤਰਕਾਰ ਤੇ ਕਈ ਵੱਡੇ ਕਾਰੋਬਾਰੀ ਵੀ ਸ਼ਾਮਲ ਹਨ।

ਸ਼ਨੀਵਾਰ ਨੂੰ ਰਾਜਧਾਨੀ ਦੀ ਜ਼ਿਲ੍ਹਾ ਅਦਾਲਤ ਵਿੱਚ ਐਸਆਈਟੀ ਵੱਲੋਂ ਹਨੀਟ੍ਰੈਪ ਕੇਸ ਵਿੱਚ ਚਾਰ ਮੁਲਜ਼ਮਾਂ ਖ਼ਿਲਾਫ਼ ਮਨੁੱਖੀ ਤਸਕਰੀ ਦੇ ਦੋਸ਼ਾਂ ਵਿੱਚ ਚਾਰਜਸ਼ੀਟ ਪੇਸ਼ ਕੀਤੀ ਗਈ।


ਜੁਡੀਸ਼ੀਅਲ ਮੈਜਿਸਟਰੇਟ ਦੀ ਅਦਾਲਤ ਵਿੱਚ ਪੇਸ਼ ਚਲਾਨ ਤੋਂ ਇਹ ਖੁਲਾਸਾ ਹੋਇਆ ਹੈ ਕਿ ਇਸ ਕੇਸ ਵਿੱਚ ਮੁਲਜ਼ਮ ਆਰਤੀ ਦਿਆਲ, ਸ਼ਵੇਤਾ ਵਿਜੇ ਜੈਨ, ਕਾਰੋਬਾਰੀ ਅਰੁਣ ਸਾਹਲੋਤ ਤੇ ਟੀਵੀ ਪੱਤਰਕਾਰ ਮਿਲ ਕੇ ਇਹ ਕੰਮ ਕਰਦੇ ਸਨ। ਮਨੁੱਖੀ ਤਸਕਰੀ ਦੇ ਮਾਮਲੇ ਵਿੱਚ ਮੋਨਿਕਾ ਯਾਦਵ ਨੇ ਐਸਆਈਟੀ ਨੂੰ ਦਿੱਤੇ ਬਿਆਨ ਵਿੱਚ ਕਿਹਾ ਕਿ ਅਰੁਣ ਸਾਹਲੋਤ ਨੇ ਹੀ ਆਈਏਐਸ ਪੀਸੀ ਮੀਨਾ ਦੀਆਂ ਅਸ਼ਲੀਲ ਵੀਡੀਓ ਵਾਇਰਲ ਕੀਤੀਆਂ ਸਨ।

ਉਸ ਨੇ ਇਹ ਵੀ ਦੱਸਿਆ ਕਿ ਭੁਪਾਲ ਦੇ ਦੋ ਮੀਡੀਆ ਕਰਮੀਆਂ ਦੇ ਯੋਗਦਾਨ ਨਾਲ ਬਲੈਕਮੇਲਿੰਗ ਦੇ ਪੈਸੇ ਦੀ ਅਦਲਾ-ਬਦਲੀ ਕੀਤੀ ਜਾਂਦੀ ਸੀ। ਇਹ ਗਰੋਹ ਬਲੈਕਮੇਲਿੰਗ ਰਾਹੀਂ ਟ੍ਰਾਂਸਫਰ, ਪੋਸਟਿੰਗ ਤੇ ਸਰਕਾਰੀ ਠੇਕੇ ਲੈਣ ਲਈ ਕੰਮ ਕਰਦਾ ਸੀ। ਇਸ ਦੇ ਨਾਲ ਹੀ ਥਾਣਾ ਛਤਰਪੁਰ ਦੇ ਇੰਚਾਰਜ ਦੀ ਭੂਮਿਕਾ ਵੀ ਸਾਹਮਣੇ ਆਈ, ਜੋ ਦੋਸ਼ੀ ਵੱਲੋਂ ਅਸ਼ਲੀਲ ਵੀਡੀਓ ਬਣਾ ਕੇ ਲੋਕਾਂ ਨੂੰ ਬਲੈਕਮੇਲ ਕਰਨ ਨਾਲ ਜੁੜੀਆਂ ਸਾਰੀਆਂ ਗੱਲਾਂ ਜਾਣਦਾ ਸੀ।

ਆਰਤੀ ਦਿਆਲ ਦੀਆਂ ਹੱਥੀਂ ਲਿਖੀਆਂ ਪੰਜ ਡਾਇਰੀਆਂ ਬਰਾਮਦ ਹੋਈਆਂ ਹਨ। ਇਨ੍ਹਾਂ ਵਿੱਚ ਸਰਕਾਰੀ ਅਧਿਕਾਰੀਆਂ ਦੇ ਤਬਾਦਲੇ ਤੇ ਅੰਤ੍ਰਿਮ ਵੀਡੀਓ ਦੇ ਅਧਾਰ ’ਤੇ ਬਲੈਕਮੇਲ ਤੋਂ ਕਰੋੜਾਂ ਰੁਪਏ ਦੀ ਵਸੂਲੀ ਨਾਲ ਸਬੰਧਤ ਜਾਣਕਾਰੀ ਦਰਜ ਹੈ।