ਲਖਨਊ: ਯੂਪੀ ਤੇ ਉੱਤਰਾਖੰਡ ਵਿੱਚ ਨਾਜਾਇਜ਼ ਸ਼ਰਾਬ ਪੀਣ ਬਾਅਦ ਹੁਣ ਤਕ 70 ਲੋਕਾਂ ਦੀ ਮੌਤ ਹੋ ਚੁੱਕੀ ਹੈ। ਉੱਤਰਾਖੰਡ ਦੇ ਹਰਿਦੁਆਰ ਵਿੱਚ 13, ਸਹਾਰਨਪੁਰ ਵਿੱਚ 46 ਅਤੇ ਕੁਸ਼ੀਨਗਰ ਵਿੱਚ 11 ਜਣਿਆਂ ਦੀ ਮੌਤ ਹੋਈ ਹੈ। ਇੰਨੀ ਵੱਡੀ ਗਿਣਤੀ ਮੌਤਾਂ ਬਾਅਦ ਯੂਪੀ ਪੁਲਿਸ, ਪ੍ਰਸ਼ਾਸਨ ਤੇ ਆਬਕਾਰੀ ਵਿਭਾਗ ਪੂਰੀ ਤਰ੍ਹਾਂ ਹਿੱਲ ਗਿਆ ਹੈ।


ਸਹਾਰਨਪੁਰ ਦੇ ਜ਼ਿਲ੍ਹਾ ਅਧਿਕਾਰੀ ਨੇ ਦੱਸਿਆ ਕਿ ਸ਼ਰਾਬ ਦੀ ਜਾਂਚ ਕਰਨ ਲਈ ਇਸ ਨੂੰ ਲਖਨਊ ਲੈਬ ਭੇਜਿਆ ਜਾ ਰਿਹਾ ਹੈ। 405 ਲੀਟਰ ਨਾਜਾਇਜ਼ ਸ਼ਰਾਬ ਜ਼ਬਤ ਕਰ ਲਈ ਗਈ ਹੈ। ਹੁਣ ਤਕ ਦੀ ਹਾਸਲ ਜਾਣਕਾਰੀ ਵਿੱਚ ਸੰਕੇਤ ਮਿਲੇ ਹਨ ਕਿ ਸ਼ਰਾਬ ਨੂੰ ਤੇਜ਼ ਬਣਾਉਣ ਲਈ ਚੂਹੇ ਮਾਰਨ ਦੀ ਦਵਾਈ ਦਾ ਵੀ ਇਸਤੇਮਾਲ ਕੀਤਾ ਜਾਂਦਾ ਸੀ।

ਉਨ੍ਹਾਂ ਦੱਸਿਆ ਕਿ ਸਹਾਰਨਪੁਰ ਦੇ ਕੁਝ ਲੋਕ ਮੇਰਠ ਦੇ ਹਸਪਤਾਲ ਵਿੱਚ ਦਾਖ਼ਲ ਹਨ। ਤਿੰਨ ਥਾਣਿਆਂ ਵਿੱਚ ਆਫਆਈਆਰ ਦਰਜ ਕੀਤੀ ਗਈ ਹੈ। 30 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਿਆ ਹੈ ਅਤੇ ਕੁਝ ’ਤੇ ਐਨਐਸਏ ਲਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਸਹਾਰਨਪੁਰ-ਉੱਤਰਾਖੰਡ ਸਰਹੱਦ ’ਤੇ ਅਭਿਆਨ ਚਲਾਇਆ ਜਾਏਗਾ। ਦੱਸਿਆ ਜਾਂਦਾ ਹੈ ਕਿ ਇਹ ਸ਼ਰਾਬ ਉੱਥੇ ਹੀ ਬਣਾਈ ਜਾਂਦੀ ਸੀ।