ਚੰਡੀਗੜ੍ਹ: ਹੁਸ਼ਿਆਰਪੁਰ ਤੋਂ ਬੀਜੇਪੀ ਸੰਸਦ ਮੈਂਬਰ ਸੋਮ ਪ੍ਰਕਾਸ਼ ਵੀ ਪੀਐਮ ਮੋਦੀ ਦੇ ਮੰਤਰੀ ਮੰਡਲ ਦਾ ਹਿੱਸਾ ਬਣਨਗੇ। 'ਏਬੀਪੀ ਸਾਂਝਾ' ਨਾਲ ਇਸ ਗੱਲ ਦੀ ਪੁਸ਼ਟੀ ਕਰਦਿਆਂ ਉਨ੍ਹਾਂ ਦੱਸਿਆ ਕਿ ਉਹ ਵੀ ਅੱਜ ਸ਼ਾਮ ਨੂੰ ਪ੍ਰਧਾਨ ਮੰਤਰੀ ਨਾਲ ਮੰਤਰੀ ਦੇ ਅਹੁਦੇ ਦੀ ਸਹੁੰ ਚੁਕੱਣਗੇ।


ਸੋਮ ਪ੍ਰਕਾਸ਼ ਪਹਿਲੀ ਵਾਰ ਐਮਪੀ ਬਣੇ ਹਨ। ਉਨ੍ਹਾਂ ਨੂੰ ਵਿਜੇ ਸਾਂਪਲਾ ਦੀ ਟਿਕਟ ਕੱਟ ਕੇ ਹੁਸ਼ਿਆਰਪੁਰ ਤੋਂ ਲੋਕ ਸਭਾ ਦੇ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਸੀ। ਹੁਸ਼ਿਆਰਪੁਰ ਰਿਜ਼ਰਵਡ ਸੀਟ ਹੈ। ਉਨ੍ਹਾਂ ਤੋਂ ਇਲਾਵਾ ਪੰਜਾਬ ਤੋਂ ਹਰਸਿਮਰਤ ਬਾਦਲ ਦੇ ਮੰਤਰੀ ਵਜੋਂ ਪੀਐਮ ਨਾਲ ਸਹੁੰ ਚੁੱਕਣ ਦੀਆਂ ਚਰਚਾਵਾਂ ਹਨ। ਹਰਸਿਮਰਤ ਕੌਰ ਮੋਦੀ ਦੇ ਪਿਛਲੇ ਕਾਰਜਕਾਲ ਵਿੱਚ ਵੀ ਫੂਡ ਪ੍ਰੋਸੈਸਿੰਗ ਮੰਤਰੀ ਰਹਿ ਚੁੱਕੇ ਹਨ।

ਮੋਦੀ ਦਾ ਸਹੁੰ ਚੁੱਕ ਸਮਾਗਮ ਸ਼ਾਮ 7 ਵਜੇ ਹੋਏਗਾ ਜਿਸ ਵਿੱਚ ਲਗਪਗ 8 ਹਜ਼ਾਰ ਮਹਿਮਾਨਾਂ ਦੇ ਪੁੱਜਣ ਦਾ ਅੰਦਾਜ਼ਾ ਹੈ। ਇਨ੍ਹਾਂ ਮਹਿਮਾਨਾਂ ਵਿੱਚ ਬਿਮਸਟੈਕ ਗਰੁੱਪ ਦੇ ਦੇਸ਼ਾਂ ਦੇ ਮੰਤਰੀਆਂ ਦੇ ਨਾਲ-ਨਾਲ ਅੰਬੈਸੇਡਰ, ਰਾਜਦੂਤ, ਸੈਲੇਬ੍ਰਿਟੀਜ਼, 100 ਤੋਂ ਵੱਧ ਐਨਆਰਆਈ ਤੇ ਸੂਬਿਆਂ ਦੇ ਮੁੱਖ ਮੰਤਰੀ ਸ਼ਾਮਲ ਹਨ। ਪੱਛਮ ਬੰਗਾਲ ਤੇ ਉੜੀਸਾ ਦੇ ਮੁੱਖ ਮੰਤਰੀ ਮਮਤਾ ਬੈਨਰਜੀ ਤੇ ਨਵੀਨ ਪਟਨਾਇਕ ਇਸ ਸਮਾਗਮ ਵਿੱਚ ਹਾਜ਼ਰੀ ਨਹੀਂ ਭਰ ਰਹੇ।