ਚੰਡੀਗੜ੍ਹ: ਕੇਂਦਰ ਸਰਕਾਰ ਨੇ ਮਾਈਕ੍ਰੋ, ਸਮਾਲ ਤੇ ਮੀਡੀਅਮ ਐਂਟਰਪ੍ਰਾਜ਼ੇਸ (MSME) ਸੈਕਟਰ ਲਈ ਕਰਜ਼ਾ ਲੈਣ ਦੀ ਪ੍ਰਕਿਰਿਆ ਆਸਾਨ ਕਰ ਦਿੱਤੀ ਹੈ। ਪੀਐਮ ਮੋਦੀ ਨੇ ਕਿਹਾ ਹੈ ਕਿ ਹੁਣ ਸਿਰਫ 59 ਮਿੰਟ ਵਿੱਚ ਇੱਕ ਕਰੋੜ ਰੁਪਏ ਤਕ ਦਾ ਕਰਜ਼ਾ ਮਨਜ਼ੂਰ ਹੋ ਸਕਦਾ ਹੈ। ਇਸ ਨਾਲ ਜਿੱਥੇ ਆਟੋਮੇਸ਼ਨ ਨੂੰ ਉਤਸ਼ਾਹ ਮਿਲੇਗਾ, ਉੱਥੇ ਲੋਕਾਂ ਨੂੰ ਕਰਜ਼ਾ ਲੈਣ ਦੀ ਲੰਮੀ ਪ੍ਰਕਿਰਿਆ ਤੋਂ ਵੀ ਨਿਜਾਤ ਮਿਲੇਗੀ। ਜਾਣੋ ਇਸ ਸਬੰਧੀ ਪੂਰੀ ਜਾਣਕਾਰੀ।
ਕਿੰਨਾ ਦੇਣਾ ਪਏਗਾ ਵਿਆਜ
ਕਰਜ਼ ਦੀ ਰਾਸ਼ੀ 10 ਲੱਖ ਤੋਂ 1 ਕਰੋੜ ਰੁਪਏ ਦੇ ਵਿਚਕਾਰ ਹੋਵੇਗੀ। ਵਿਆਜ ਦਰ 8 ਫੀਸਦੀ ਹੋਵੇਗੀ। ਅਰਜ਼ੀ ਦੀ ਮਨਜ਼ੂਰੀ ਦੇ ਲਗਪਗ 7 ਤੋਂ 8 ਕਾਰਜਕਾਰੀ ਦਿਨਾਂ ਵਿੱਚ ਕਰਜ਼ੇ ਦੀ ਰਕਮ ਖ਼ਾਤੇ ਵਿੱਚ ਪਹੁੰਚ ਜਾਏਗੀ। ਰਜਿਸਟਰੇਸ਼ਨ ਸਮੇਂ ਕੋਈ ਭੁਗਤਾਨ ਨਹੀਂ ਕਰਨਾ ਪਏਗਾ। ਬਿਨੈਕਾਰ ਦਾ ਪ੍ਰੋਪੋਜ਼ਲ ਬੈਂਕ ਪ੍ਰੋਡਕਟ ਨਾਲ ਮੈਚ ਹੋਣ ਬਾਅਦ ਕਰਜ਼ਾ ਲੈਣ ਵਾਲੇ ਨੂੰ ਇੱਕ ਹਜ਼ਾਰ ਰੁਪਏ ਤੋਂ ਵੱਧ ਟੈਕਸ ਜਮ੍ਹਾ ਕਰਵਾਉਣਾ ਪਵੇਗਾ।
ਕਿਹੜੇ-ਕਿਹੜੇ ਕਾਗਜ਼ ਚਾਹੀਦੇ
ਕਰਜ਼ਾ ਲੈਣ ਲਈ ਬੈਂਕ ਵੱਲੋਂ ਪਿਛਲੇ 6 ਮਹੀਨਿਆਂ ਦੀ ਬੈਂਕ ਸਟੇਟਮੈਂਟ ਜਮ੍ਹਾ ਕੀਤੀ ਜਾਏਗੀ। ਇਹ PDF ਫਾਰਮੇਟ ਵਿੱਚ ਸਟੋਰ ਕੀਤਾ ਜਾਏਗਾ। ਈ-ਕੇਵਾਈਸੀ ਕਾਗਜ਼ ਜਮ੍ਹਾ ਕੀਤੇ ਜਾਣਗੇ। ਪਿਛਲੇ ਤਿੰਨ ਸਾਲਾਂ ਦੇ ਇਨਕਮ ਟੈਕਸ ਰਿਟਰਨਾਂ ਦਾ ਵੇਰਵਾ ਦਿੱਤਾ ਜਾਵੇਗਾ। ਜੀਐਸਟੀ ਦਾ ਵੇਰਵਾ ਦੇਣਾ ਜ਼ਰੂਰੀ ਹੈ। ਮਲਕੀਅਤ ਦਾ ਵੇਰਵਾ ਮੁਹੱਈਆ ਕਰਨਾ ਲਾਜ਼ਮੀ ਹੈ। ਨਿੱਜੀ ਅਤੇ ਵਿਦਿਆ ਦੇ ਵੇਰਵੇ ਵੀ ਦੇਣੇ ਪੈਣਗੇ।
ਰਜਿਸਟ੍ਰੇਸ਼ਨ ਤੇ ਲੋਨ ਮਨਜ਼ੂਰ ਹੋਣ ਦੀ ਪ੍ਰਕਿਰਿਆ
ਕਰਜ਼ਾ ਲੈਣ ਲਈ ਬਿਨੈਕਾਰ ਨੂੰ www.psbloansin59minutes.com 'ਤੇ ਜਾਣਾ ਪਵੇਗਾ। ਪਹਿਲਾਂ ਸਾਇਨਅੱਪ ਕਰਨਾ ਲਾਜ਼ਮੀ ਹੈ। ਇਸ ਵਿੱਚ ਤੁਹਾਨੂੰ ਯੂਜ਼ਰਨੇਮ, ਈ-ਮੇਲ ਆਈਡੀ ਅਤੇ ਮੋਬਾਈਲ ਨੰਬਰ ਟਾਈਪ ਕਰਨਾ ਪਵੇਗਾ। ਇਸ ਤੋਂ ਬਾਅਦ ‘Get OTP’ ਤੇ ਕਲਿੱਕ ਕਰੋ। ਓਟੀਪੀ ਮੋਬਾਈਲ ਨੰਬਰ ਵਿੱਚ ਆ ਜਾਵੇਗਾ। ਫਿਰ ‘I agree..’ ’ਤੇ ਸਹੀ ਦਾ ਨਿਸ਼ਾਨ ਲਗਾਉ ਅਤੇ ‘proceed’ ’ਤੇ ਕਲਿੱਕ ਕਰੋ। ਅਗਲੀ ਸਕਰੀਨ ’ਤੇ ਤੁਹਾਨੂੰ ਕੁਝ ਬੁਨਿਆਦੀ ਸਵਾਲਾਂ ਦੇ ਜਵਾਬ ਦੇਣੇ ਪੈਣਗੇ।
ਹੁਣ ਜੀਐਸਟੀ ਦੇ ਵੇਰਵੇ ਦਿਓ। ਇਸ ਵਿਚ ਜੀਐਸਟੀ ਨੰਬਰ, ਯੂਜ਼ਰਨਾਮ ਅਤੇ ਪਾਸਵਰਡ ਵਰਗੇ ਵੇਰਵੇ ਹੋਣਗੇ। XML ਫਾਰਮੇਟ ਵਿੱਚ ਟੈਕਸ ਰਿਟਰਨ ਦੇਣਾ ਪਏਗਾ। ਪੈਨ ਕਾਰਡ ਦੇ ਵੇਰਵੇ ਵੀ ਲਏ ਜਾਣਗੇ। ਇਸ ਤੋਂ ਬਾਅਦ, ਬੈਂਕ ਸਟੇਟਮੈਂਟ ਦੀ ਜਾਣਕਾਰੀ ਦੇਣੀ ਪਵੇਗੀ। ਇੱਥੇ ਵੀ ਕੰਪਨੀ ਦਾ ਪਤਾ ਵੀ ਦੇਣਾ ਪਏਗਾ। ਇਸ ਤੋਂ ਬਾਅਦ ਕਰਜ਼ਾ ਲੈਣ ਦਾ ਮਕਸਦ ਲਿਖਣਾ ਪਏਗਾ। ਜੇ ਕੋਈ ਪੁਰਾਣਾ ਕਰਜਾ ਹੈ, ਤਾਂ ਉਸ ਦੀ ਵੀ ਜਾਣਕਾਰੀ ਦੇਣੀ ਪਵੇਗੀ। ਇਸ ਤੋਂ ਬਾਅਦ, ਉਸ ਬੈਂਕ ਦਾ ਵੇਰਵਾ ਦੇਣਾ ਪਵੇਗਾ ਜਿਸ ਕੋਲੋਂ ਲੋਨ ਲੈਣਾ ਚਾਹੁੰਦੇ ਹੋ। ਸੁਵਿਧਾ ਫੀਸ ਲਈ ਇੱਕ ਹਜ਼ਾਰ ਰੁਪਏ ਜਮ੍ਹਾਂ ਕਰਾਉਣੇ ਪੈਣਗੇ। ਇੱਕ ਵਾਰ ਫ਼ੀਸ ਦਾ ਭੁਗਤਾਨ ਹੋ ਜਾਣ 'ਤੇ ਪ੍ਰਵਾਨਿਤ ਚਿੱਠੀ ਨੂੰ ਡਾਊਨਲੋਡ ਕੀਤਾ ਜਾ ਸਕਦਾ ਹੈ।