ਨਵੀਂ ਦਿੱਲੀ: ਉੱਤਰ ਪ੍ਰਦੇਸ਼ ਦੀ ਨੋਇਡਾ ਪੁਲਿਸ ਨੇ ਉਨ੍ਹਾਂ ਵਾਹਨਾਂ ਵਿਰੁੱਧ ਵਿਸ਼ੇਸ਼ ਮੁਹਿੰਮ ਸ਼ੁਰੂ ਕਰ ਦਿੱਤੀ ਹੈ, ਜਿਨ੍ਹਾਂ ਦੀ ਨੰਬਰ ਪਲੇਟ 'ਤੇ ਜਾਤ ਜਾਂ ਗੋਤ ਲਿਖਿਆ ਹੁੰਦਾ ਹੈ। ਪੁਲਿਸ ਨੇ ਹੁਣ ਤਕ ਜਾਟਵ, ਗੁਰਜਰ ਤੇ ਹੋਰ ਸ਼ਬਦ ਲਿਖੇ ਹੋਏ ਨੌਂ ਵਾਹਨ ਜ਼ਬਤ ਕਰ ਲਏ ਹਨ।

ਨੋਇਡਾ ਤੋਂ ਲੈ ਕੇ ਗ਼ਾਜ਼ੀਆਬਾਦ ਤਕ ਪੁਲਿਸ ਨੇ ਅਜਿਹੇ ਵਾਹਨਾਂ ਦੀ ਤਲਾਸ਼ ਕਰ ਰਹੀ ਹੈ, ਜਿਨ੍ਹਾਂ ਦੀ ਨੰਬਰ ਪਲੇਟ ਜਾਂ ਸ਼ੀਸ਼ਿਆਂ 'ਤੇ ਜਾਤਾਂ-ਗੋਤਾਂ ਦੇ ਨਾਂਅ ਲਿਖੇ ਹੁੰਦੇ ਹਨ। ਦਰਅਸਲ, ਸੜਕ 'ਤੇ ਚੱਲਦਿਆਂ ਕਿਸੇ ਕਿਸਮ ਦਾ ਝਗੜਾ ਕਰਨ ਸਮੇਂ ਅਜਿਹੇ ਲੋਕ ਆਪਣੀ ਜਾਤ ਦੀ ਹੈਂਕੜ ਦਿਖਾਉਣ ਦੀ ਕੋਸ਼ਿਸ਼ ਕਰਦੇ ਹਨ ਅਤੇ ਪੁਲਿਸ ਨੇ ਇਸ ਬਾਰੇ ਸ਼ਿਕਾਇਤਾਂ ਮਿਲਣ ਤੋਂ ਬਾਅਦ ਇਨ੍ਹਾਂ ਵਾਹਨਾਂ ਵਿਰੁੱਧ ਮੁਹਿੰਮ ਚਲਾਉਣ ਦਾ ਫੈਸਲਾ ਕੀਤਾ ਹੈ।

ਯੂਪੀ ਪੁਲਿਸ ਦੇ ਵਧੀਕ ਐਸਪੀ ਤੇ ਟਵਿੱਟਰ ਸਰਵਿਸ ਦੇਖਣ ਵਾਲੇ ਰਾਹੁਲ ਸ਼੍ਰੀਵਾਸਤਵ ਨੇ ਇਸ ਕਾਰਵਾਈ ਬਾਰੇ ਟਵੀਟ ਵੀ ਕੀਤੇ ਹਨ। ਉਨ੍ਹਾਂ ਲਿਖਿਆ ਹੈ ਕਿ ਨਾ ਜਾਤ ਪੇ ਨਾ ਪਾਤ ਪੇ, ਚਾਲਾਨ ਮਿਲੇਗਾ ਹਾਥ ਪੇ..! ਸ਼੍ਰੀਵਾਸਤਵ ਦੇ ਇਸ ਕਾਰਜ ਦੀ ਨੋਇਡਾ ਪੁਲਿਸ ਨੇ ਸ਼ਲਾਘਾ ਕੀਤੀ ਹੈ।