ਨਵੀਂ ਦਿੱਲੀ: ਦੁਨੀਆ ਦੇ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੈਸਟ ਨੂੰ ਫ਼ਤਹਿ ਕਰਨ ਤੋਂ ਵੱਡਾ ਈਨਾਮ ਇੱਕ ਪਰਬਤਾਰੋਹੀ ਲਈ ਕੁਝ ਹੋਰ ਨਹੀਂ ਹੋ ਸਕਦਾ। ਪਰ ਜਦੋਂ ਅਜਿਹੀ ਥਾਂ ‘ਤੇ ਵੀ ਜਾਮ ਲੱਗਣਾ ਸ਼ੁਰੂ ਹੋ ਜਾਵੇ ਤਾਂ ਹੈਰਾਨੀ ਤਾਂ ਹੋਵੇਗੀ ਹੀ। ਪਰ ਇਹ ਹੁਣ ਹਕੀਕਤ ਹੈ, ਜਿਸ ਕਾਰਨ ਲੋਕਾਂ ਦੀ ਜ਼ਿੰਦਗੀ ਖ਼ਤਰੇ ਵਿੱਚ ਪੈ ਰਹੀ ਹੈ। ਮਾਊਂਟ ਐਵਰੈਸਟ ‘ਤੇ ਟ੍ਰੈਫਿਕ ਜਾਮ ਦੇ ਹਾਲਾਤ ਹੋ ਗਏ ਹਨ, ਕਿਉਂਕਿ ਇਸ ਸਮੇਂ ਦੁਨੀਆ ਦੀ ਸਭ ਤੋਂ ਉੱਚੀ ਚੋਟੀ 'ਤੇ ਕਰੀਬ 200 ਤੋਂ ਵੱਧ ਲੋਕ ਚੜ੍ਹਣ ਦੀ ਕੋਸ਼ਿਸ਼ ਕਰ ਰਹੇ ਹਨ।

ਇੰਨੀ ਵੱਡੀ ਗਿਣਤੀ ‘ਚ ਪਰਬਤਾਰੋਹੀ ਦੇ ਹੋਣ ਦਾ ਨਤੀਜਾ ਇਹ ਹੈ ਕਿ ਕਈ ਵਾਰ ਪਹਾੜ ਦੇ ਸਿਖਰ ‘ਤੇ ਜ਼ਿਆਦਾ ਭੀੜ ਹੋ ਜਾਂਦੀ ਹੈ ਅਤੇ ਲੋਕਾਂ ਨੂੰ ਸਿਖਰ ‘ਤੇ ਜਾ ਕੇ ਵਾਪਸ ਆਉਣ ‘ਚ ਕਾਫੀ ਸਮਾਂ ਲੱਗ ਜਾਂਦਾ ਹੈ। ਇਸ ਦੇ ਚੱਲਦਿਆਂ ਪਰਬਤਾਰੋਹੀਆਂ ਨੂੰ ਮੁਸ਼ਕਿਲ ਹਾਲਾਤ ਅਤੇ ਮੌਸਮ ‘ਚ ਜ਼ਿਆਦਾ ਸਮਾਂ ਗੁਜ਼ਾਰਨਾ ਪੈਂਦਾ ਹੈ। ਬੁੱਧਵਾਰ ਨੂੰ ਵੀ ਅਜਿਹੇ ਹੀ ਹਾਲਾਤ ਬਣ, ਜਦੋਂ ਟੌਪ ‘ਤੇ ਪਹੁੰਚੇ ਕੁਝ ਲੋਕਾਂ ਨੇ ਹੇਠ ਦੇਖਿਆ ਤਾਂ ਸੈਂਕੜੇ ਲੋਕਾਂ ਦੀ ਲੰਬੀ ਲਾਈਨ ਲੱਗੀ ਸੀ। ਇਸ ਫੋਟੋ ਨੂੰ ਭੇਜਣ ਵਾਲੇ ਨਿਰਮਲ ਪੁਰਜਾ ਕਹਿੰਦੇ ਹਨ ਕਿ ਪਹਾੜ ਨੂੰ ਚੜ੍ਹਣ ਵਾਲੇ 250-300 ਲੋਕ ਖੜ੍ਹੇ ਸੀ ਅਤੇ ਜਾਮ ਕਰਕੇ ਪੂਰੀ ਮੁਹਿੰਮ ‘ਚ ਤਿੰਨ ਘੰਟਿਆਂ ਦੀ ਦੇਰੀ ਹੋਈ। ਨਿਰਮਲ ਵੱਲੋਂ ਸ਼ੇਅਰ ਕੀਤੀ ਤਸਵੀਰ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ ਅਤੇ ਹੁਣ ਤਕ ਇੱਥੇ ਠੰਢ ਅਤੇ ਆਕਸੀਜ਼ਨ ਦੀ ਕਮੀ ਨਾਲ ਤਿੰਨ ਭਾਰਤੀਆਂ ਦੀ ਮੌਤ ਹੋ ਚੁੱਕੀ ਹੈ।