ਨਵੀਂ ਦਿੱਲੀ: ਉੱਤਰ-ਪੂਰਬੀ ਰਾਜਾਂ ਆਸਾਮ, ਤ੍ਰਿਪੁਰਾ ਤੇ ਮਣੀਪੁਰ 'ਚ ਪਿਛਲੇ 24 ਘੰਟਿਆਂ ਤੋਂ ਹੋ ਰਹੀ ਭਾਰੀ ਬਾਰਸ਼ ਨਾਲ ਹੜ੍ਹ ਆ ਗਏ ਹਨ ਜਿਸ ਨਾਲ ਹਜ਼ਾਰਾਂ ਲੋਕ ਬੇਘਰ ਹੋ ਗਏ ਹਨ। ਅਜਿਹੇ 'ਚ ਮਣੀਪੁਰ ਦੇ ਇੱਕ ਆਈਏਐਸ ਅਫਸਰ ਨੇ ਮਿਸਾਲ ਕਾਇਮ ਕੀਤੀ ਹੈ। ਆਈਏਐਸ ਅਫਸਰ ਦਲੀਪ ਸਿੰਘ ਹੜ੍ਹ ਰੋਕੂ ਵਿਭਾਗ ਦੀ ਅਗਵਾਈ ਕਰ ਰਹੇ ਹਨ। ਇਸ ਦੌਰਾਨ ਉਹ ਖੁਦ ਪਾਣੀ 'ਚ ਉੱਤਰ ਕੇ ਲੋਕਾਂ ਦਾ ਬਚਾਅ ਕਰਦੇ ਨਜ਼ਰ ਆਏ।
https://twitter.com/dev63/status/1006928395911946240
ਦਲੀਪ ਸਿੰਘ ਦੀ ਇੱਕ ਤਸਵੀਰ ਵੀ ਟਵਿਟਰ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਤਸਵੀਰ 'ਚ ਨੀਲੇ ਰੰਗ ਦੀ ਕਮੀਜ਼ ਪਹਿਨੇ ਦਲੀਪ ਸਿੰਘ ਅੱਧੇ ਪਾਣੀ 'ਚ ਡੁੱਬੇ ਹੋਏ ਹਨ ਤੇ ਲੋਕਾਂ ਦੀ ਮਦਦ ਕਰ ਰਹੇ ਹਨ।
https://twitter.com/ImphalDailyNews/status/1006934910089641985
ਦੱਸ ਦਈਏ ਕਿ ਕੱਲ੍ਹੇ ਤ੍ਰਿਪੁਰਾ 'ਚ ਹੀ ਪਿਛਲੇ 24 ਘੰਟਿਆ 'ਚ 3500 ਪਰਿਵਾਰ ਬੇਘਰ ਹੋ ਗਏ ਹਨ। ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੱਲ੍ਹ ਸਵੇਰ ਤੋਂ ਹੀ ਪੱਛਮੀ ਤ੍ਰਿਪੁਰਾ 'ਚ 500 ਤੋਂ ਵੱਧ ਪਰਿਵਾਰਾਂ ਦੇ ਮਕਾਨ ਹੜ੍ਹ 'ਚ ਡੁੱਬ ਜਾਣ ਕਾਰਨ ਉਨ੍ਹਾਂ ਨੂੰ ਰਾਹਤ ਕੈਂਪਾਂ 'ਚ ਲਿਜਾਇਆ ਗਿਆ ਹੈ। ਆਸਾਮ ਦੇ ਹੜ੍ਹ ਪ੍ਰਬੰਧਨ ਪ੍ਰਮਾਣੀਕਰਨ ਦੀ ਰਿਪੋਰਟ ਮੁਤਾਬਕ ਪਿਛਲੇ 24 ਘੰਟਿਆ ਤੋਂ ਲਗਾਤਾਰ ਹੋ ਰਹੀ ਤੇਜ਼ ਬਾਰਸ਼ ਕਾਰਨ 222 ਪਿੰਡਾਂ 'ਚ 1,48,912 ਲੋਕ ਪ੍ਰਭਾਵਿਤ ਹੋਏ ਹਨ।
ਅਜਿਹੇ 'ਚ ਸੂਬੇ ਦੇ ਹੜ੍ਹ ਪ੍ਰਤੀਕਿਰਿਆ ਬਲ ਨੇ 124 ਲੋਕਾਂ ਨੂੰ ਸੁਰੱਖਿਅਤ ਕੱਢ ਲਿਆ ਹੈ। ਅਧਿਕਾਰੀਆਂ ਨੇ 71 ਰਾਹਤ ਕੈਂਪ ਜਾਰੀ ਕਰ ਦਿੱਤੇ ਹਨ। ਅੱਜ ਆਸਾਮ ਦੇ ਮੁੱਖ ਮੰਤਰੀ ਬਿਪਲਬ ਕੁਮਾਰ ਦੇਵ ਨੇ ਆਸਾਮ 'ਚ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਹਵਾਈ ਦੌਰਾ ਵੀ ਕੀਤਾ। ਹਾਲਾਤ ਨੂੰ ਦੇਖਦਿਆਂ ਇਥੋਂ ਦੇ ਨਿੱਜੀ ਤੇ ਸਰਕਾਰੀ ਵਿਦਿਅਕ ਅਦਾਰੇ ਬੰਦ ਕਰਨ ਦੇ ਹੁਕਮ ਦਿੱਤੇ ਗਏ ਹਨ ਕਿਉਂਕਿ 15 ਜੂਨ ਤੱਕ ਹੋਰ ਭਾਰੀ ਬਾਰਸ਼ ਦੀ ਸੰਭਾਵਨਾ ਜਤਾਈ ਗਈ ਹੈ।