ਭੁਪਾਲ: ਲੋਕ ਸਭਾ ਚੋਣਾਂ ਵਿੱਚ ਵਿਕਾਸ ਤੇ ਲੋਕ ਭਲਾਈ ਦੀ ਥਾਂ ਰਾਸ਼ਟਰਵਾਦ ਦਾ ਮੁੱਦਾ ਹਾਵੀ ਹੋ ਗਿਆ ਹੈ। ਰਾਸ਼ਟਰਵਾਦ ਦੀ ਆੜ ਹੇਠ ਸਿਆਸੀ ਲੀਡਰ ਦੇਸ਼ ਦੀ ਫਿਜ਼ਾ ਵਿੱਚ ਫਿਰਕੂ ਜ਼ਹਿਰ ਵੀ ਘੋਲ ਰਹੇ ਹਨ। ਸ਼ਿਵ ਸੈਨਾ ਤੇ ਬੀਜੇਪੀ ਵੱਲੋਂ ਦੇਸ਼ ਵਿੱਚ ਬੁਰਕੇ 'ਤੇ ਪਾਬੰਦੀ ਲਾਉਣ ਮਗਰੋਂ ਸਿਆਸਤ ਗਰਮਾ ਗਈ ਹੈ। ਕਈ ਸਿਆਸੀ ਪਾਰਟੀਆਂ ਨੇ ਅਜਿਹੀ ਸੋਚ ਤੇ ਬਿਆਨਬਾਜ਼ੀ ਦੀ ਅਲੋਚਨਾ ਕੀਤੀ ਹੈ।


ਇਸ ਬਾਰੇ ਹਿੰਦੀ ਫਿਲਮਾਂ ਦੇ ਗੀਤਕਾਰ ਜਾਵੇਦ ਅਖ਼ਤਰ ਵੀ ਸਾਹਮਣੇ ਆਏ ਹਨ। ਉਨ੍ਹਾਂ ਕਿਹਾ ਹੈ ਕਿ ਉਹ ਬੁਰਕੇ 'ਤੇ ਪਾਬੰਦੀ ਲਾਉਣ ਦੇ ਖਿਲਾਫ਼ ਨਹੀਂ ਪਰ ਇਸ ਦੇ ਨਾਲ ਹੀ ਘੁੰਢ ਕੱਢਣ ਉੱਤੇ ਵੀ ਰੋਕ ਲੱਗਣੀ ਚਾਹੀਦੀ ਹੈ ਤੇ ਉਹ ਰਾਜਸਥਾਨ ਵਿੱਚ ਔਰਤਾਂ ਵੱਲੋਂ ਕੱਢੇ ਜਾਂਦੇ ‘ਘੂੰਗਟ’ ਦੇ ਖਿਲਾਫ਼ ਹਨ। ਦਰਅਸਲ ਸ਼ਿਵ ਸੈਨਾ ਦੇ ਅਧਿਕਾਰਤ ਅਖ਼ਬਾਰ ‘ਸਾਮਨਾ’ ਵੱਲੋਂ ਬੁਰਕੇ ਉੱਤੇ ਪਾਬੰਦੀ ਲਾਉਣ ਦੀ ਮੰਗ ਕੀਤੀ ਗਈ ਸੀ। ਇਸ ਮਗਰੋਂ ਕਈ ਬੀਜੇਪੀ ਲੀਡਰਾਂ ਨੇ ਵੀ ਇਸ ਬਾਰੇ ਚਰਚਾ ਛੇੜੀ ਸੀ। ਕੁਝ ਮੁਸਲਿਮ ਲੀਡਰਾਂ ਨੇ ਇਸ 'ਤੇ ਇਤਰਾਜ਼ ਕੀਤਾ ਸੀ।

ਜਾਵੇਦ ਅਖ਼ਤਰ ਦਾ ਕਹਿਣਾ ਹੈ ਕਿ ਜੇ ਬੁਰਕੇ ਉੱਤੇ ਪਾਬੰਦੀ ਲਾਉਣ ਲਈ ਕਿਸੇ ਦਾ ਕਾਨੂੰਨ ਬਣਾਉਣ ਦਾ ਵਿਚਾਰ ਹੈ ਤਾਂ ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ ਪਰ ਰਾਜਸਥਾਨ ਵਿੱਚ ਚੋਣਾਂ ਦੇ ਆਖ਼ਰੀ ਗੇੜ ਤੋਂ ਪਹਿਲਾਂ ਇਸ ਸਰਕਾਰ ਨੂੰ ਇਹ ਵੀ ਐਲਾਨ ਕਰਨਾ ਚਾਹੀਦਾ ਹੈ ਕਿ ਉਹ ਘੁੰਡ ਕੱਢਣ ਉੱਤੇ ਵੀ ਪਾਬੰਦੀ ਲਾਵੇਗੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸੋਚ ਹੈ ਕਿ ਬੁਰਕਾ ਤੇ ਘੁੰਡ ਦੋਵੇਂ ਰਵਾਇਤਾਂ ਖਤਮ ਕਰ ਦੇਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਇਰਾਕ ਬੇਹੱਦ ਕੱਟੜ ਮੁਲਕ ਹੈ ਪਰ ਉੱਥੇ ਚਿਹਰਾ ਢਕਣ ਦਾ ਰਿਵਾਜ਼ ਨਹੀਂ।