ਨਵੀਂ ਦਿੱਲੀ: ਟੋਲ ਟੈਕਸ 'ਤੇ ਮੋਦੀ ਸਰਕਾਰ ਨੇ ਜਨਤਾ ਨੂੰ ਕੋਰ ਜਵਾਬ ਦਿੱਤਾ ਹੈ। ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਜੇ ਲੋਕਾਂ ਨੂੰ ਚੰਗੀਆਂ ਸੜਕਾਂ ਚਾਹੀਦੀਆਂ ਹਨ ਤਾਂ ਉਨ੍ਹਾਂ ਨੂੰ ਟੋਲ ਦੇਣਾ ਹੀ ਪਏਗਾ। ਉਨ੍ਹਾਂ ਸਪਸ਼ਟ ਕੀਤਾ ਕਿ ਸਰਕਾਰ ਕੋਲ ਲੋੜੀਂਦੇ ਫੰਡਾਂ ਦੀ ਕਮੀ ਹੈ, ਇਸ ਲਈ ਟੋਲ ਸਿਸਟਮ ਏਦਾਂ ਹੀ ਚੱਲਦਾ ਰਹੇਗਾ।

ਲੋਕ ਸਭਾ ਵਿੱਚ ਸੜਕ ਆਵਾਜਾਈ ਤੇ ਰਾਜ ਮਾਰਗ ਮੰਤਰਾਲੇ ਲਈ ਗਰਾਂਟ ਦੀ ਮੰਗ 'ਤੇ ਬਹਿਸ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਪਿਛਲੇ ਪੰਜ ਸਾਲਾਂ ਵਿੱਚ ਸਰਕਾਰ ਨੇ 40,000 ਕਿਲੋਮੀਟਰ ਰਾਜਮਾਰਗ ਦਾ ਨਿਰਮਾਣ ਕੀਤਾ ਹੈ।

ਗਡਕਰੀ ਨੇ ਦੱਸਿਆ ਕਿ ਦੇਸ਼ ਦੇ ਵੱਖ-ਵੱਖ ਹਿੱਸੇ ਜਿੱਥੋਂ ਦੇ ਲੋਕ ਟੋਲ ਅਦਾ ਕਰਨ ਦੇ ਸਮਰਥ ਹਨ, ਉੱਥੋਂ ਟੋਲ ਦਾ ਇਕੱਠਾ ਕੀਤਾ ਜਾਂਦਾ ਪੈਸਾ ਦਿਹਾਤੀ ਤੇ ਪਹਾੜੀ ਇਲਾਕਿਆਂ ਵਿੱਚ ਸੜਕਾਂ ਦੇ ਨਿਰਮਾਣ ਲਈ ਇਸਤੇਮਾਲ ਕੀਤਾ ਜਾਂਦਾ ਹੈ। ਦੱਸ ਦੇਈਏ ਲੋਕ ਸਭਾ ਦੇ ਕੁਝ ਮੈਂਬਰਾਂ ਦੇ ਟੋਲ ਲੈਣ 'ਤੇ ਸਵਾਲ ਚੁੱਕੇ ਸੀ ਤਾਂ ਗਡਕਰੀ ਨੇ ਉਨ੍ਹਾਂ ਨੂੰ ਇਹ ਜਵਾਬ ਦਿੱਤਾ।

ਗਡਕਰੀ ਨੇ ਕਿਹਾ ਕਿ ਟੋਲ ਜ਼ਿੰਦਗੀ ਭਰ ਲਈ ਬੰਦ ਨਹੀਂ ਹੋ ਸਕਦਾ, ਘੱਟ-ਵੱਧ ਜ਼ਰੂਰ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਟੋਲ ਦਾ ਜਨਮਦਾਤਾ ਮੈਂ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਜੇ ਤੁਸੀਂ ਚੰਗੀਆਂ ਸੁਵਿਧਾਵਾਂ ਲੈਣੀਆਂ ਹਨ ਤਾਂ ਤੁਹਾਨੂੰ ਇਸ ਲਈ ਪੈਸੇ ਦੇਣੇ ਪੈਣਗੇ।