ਚੰਡੀਗੜ੍ਹ: ਸੋਸ਼ਲ ਮੀਡੀਆ ’ਤੇ ਮਾਈਨਿੰਗ ਮਾਫੀਆ ਵੱਲੋਂ ਖੁੱਲ੍ਹੇਆਮ ਨਾਜਾਇਜ਼ ਮਾਈਨਿੰਗ ਦੀ ਵੀਡੀਓ ਵਾਇਰਲ ਹੋ ਰਹੀ ਹੈ ਜਿੱਥੇ ਇੱਕ ਵੱਡਾ ਹਾਦਸਾ ਹੋਣੋਂ ਟਲ਼ ਗਿਆ। ਵੀਡੀਓ ਵਿੱਚ ਦਿਖ ਰਿਹਾ ਹੈ ਕਿ ਇੱਕ ਵਿਅਕਤੀ ਆਪਣੇ ਟਰੈਕਟਰ ਨਾਲ ਰਾਵੀ ਦਰਿਆ ਵਿੱਚ ਉੱਤਾਰਿਆ ਪਰ ਨਦੀ ਵਿੱਚ ਪਾਣੀ ਦਾ ਵਹਾਅ ਤੇਜ਼ ਹੋਣ ਕਰਕੇ ਉਸ ਦਾ ਟਰੈਕਟਰ ਨਦੀ ਦੇ ਪਾਣੀ ਨਾਲ ਵਹਿਣ ਲੱਗ ਪਿਆ। ਇਸ ਦੌਰਾਨ ਟਰੈਕਟਰ ਚਾਲਕ ਕਿਸੇ ਤਰ੍ਹਾਂ ਸੁਰੱਖਿਅਤ ਨਦੀ ਕਿਨਾਰੇ ਪਹੁੰਚਿਆ।

ਇਸ ਵਾਇਰਲ ਵੀਡੀਓ ਤੋਂ ਸਪੱਸ਼ਟ ਹੈ ਕਿ ਲੋਕ ਖੁੱਲ੍ਹੇਆਮ ਰਾਵੀ ਦਰਿਆ ਵਿੱਚ ਟਰੈਕਟਰ ਲਿਜਾ ਕੇ ਨਾਜਾਇਜ਼ ਮਾਈਨਿੰਗ ਕਰ ਰਹੇ ਹਨ ਤੇ ਇਹ ਸਭ ਕੁਝ ਵੇਖਦਿਆਂ ਹੋਇਆਂ ਵੀ ਪ੍ਰਸ਼ਾਸਨ ਕੁਝ ਨਹੀਂ ਕਰ ਰਿਹਾ।

ਜ਼ਿਕਰਯੋਗ ਹੈ ਕਿ ਜ਼ਿਲ੍ਹਾ ਚੰਬਾ ਵਿੱਚ ਰਾਵੀ ਦਰਿਆ ਕਿਨਾਰੇ ਨਾਜਾਇਜ਼ ਮਾਫੀਆ ਪੂਰੀ ਤਰ੍ਹਾਂ ਸਰਗਰਮ ਹੋ ਚੁੱਕਾ ਹੈ। ਇਹ ਰੇਤ ਮਾਫੀਆ ਦਰਿਆ ਦੇ ਕਿਨਾਰਿਆਂ ਤੋਂ ਤਾਂ ਖੁਦਾਈ ਕਰ ਹੀ ਰਹੇ ਹਨ ਪਰ ਦਰਿਆ ਦੇ ਵਿੱਚੋ-ਵਿੱਚ ਪਾਣੀ ਦੇ ਤੇਜ਼ ਵਹਾਅ ਹੋਣ ਦੇ ਬਾਵਜੂਦ ਆਪਣੇ ਟਰੈਕਟਰ ਦਰਿਆ ਅੰਦਰ ਲੈ ਕੇ ਜਾਣ ਤੋਂ ਗੁਰੇਜ਼ ਨਹੀਂ ਕਰਦੇ, ਜਿਸ ਦੀ ਵਜ੍ਹਾ ਕਰ ਕੇ ਕਈ ਹਾਦਸੇ ਵੀ ਹੋ ਚੁੱਕੇ ਹਨ।

ਹਾਲਾਂਕਿ ਕੁਝ ਥਾਈਂ ਪ੍ਰਸ਼ਾਸਨ ਨੇ ਰੇਤ ਕੱਢਣ ਲਈ ਠੇਕੇਦਾਰਾਂ ਨੂੰ ਲੀਜ਼ ’ਤੇ ਥਾਂ ਵੀ ਦਿੱਤੀ ਹੈ ਪਰ ਉਸੇ ਲੀਜ਼ ਦੀ ਤਾਕ ’ਚ ਬਾਕੀ ਲੋਕ ਵੀ ਨਾਜਾਇਜ਼ ਤੌਰ ’ਤੇ ਰਾਵੀ ਵਿੱਚ ਆਪਣੇ ਟਰੈਟਰ ਟਰਾਲੀਆਂ ਉਤਾਰ ਕੇ ਨਾਜਾਇਜ਼ ਮਾਈਨਿੰਗ ਕਰ ਰਹੇ ਹਨ।