ਨਵੀਂ ਦਿੱਲੀ: ਅਸਾਮ ਵਿੱਚ 40 ਲੱਖ ਲੋਕਾਂ ਦੀ ਨਾਗਰਿਕਤਾ ਸਬੰਧੀ ਵਿਵਾਦ ਭਖ਼ਦਾ ਜਾ ਰਿਹਾ ਹੈ। ਇਸ ਦੌਰਾਨ ਸੂਬੇ ਵਿੱਚ ਕਾਨੂੰਨ ਵਿਵਸਥਾ ਵਿਗੜਨ ਦਾ ਖਤਰਾ ਮੰਡਰਾ ਰਿਹਾ ਹੈ। ਸੰਸਦ ਵਿੱਚ ਵੀ ਇਸ ਮੁੱਦੇ ’ਤੇ ਜ਼ੋਰਦਾਰ ਹੰਗਾਮਾ ਚੱਲ ਰਿਹਾ ਹੈ। ਵਿਰੋਧੀ ਧਿਰ ਇਸ ਮੁੱਦੇ ’ਤੇ ਲਗਾਤਾਰ ਸਵਾਲਾਂ ਦੀ ਵਾਛੜ ਕਰ ਰਿਹਾ ਹੈ। ਉੱਧਰੋਂ ਖੁਫ਼ੀਆਂ ਨੇ ਵੀ ਕੇਂਦਰ ਸਰਕਾਰ ਨੂੰ ਚੁਕੰਨਿਆਂ ਕੀਤਾ ਹੈ ਕਿ ਦੇਸ਼ ਵਿਰੋਧੀ ਲੋਕ ਇਸ ਸਥਿਤੀ ਦਾ ਫਾਇਦਾ ਚੁੱਕ ਸਕਦੇ ਹਨ। ਮਮਤਾ ਬੈਨਰਜੀ ਨੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਕਿਹਾ ਹੈ ਕਿ ਜੇ ਅਜਿਹਾ ਕੁਝ ਹੋਇਆ ਤਾਂ ਸਿਵਲ ਵਾਰ ਦੀ ਨੌਬਤ ਆ ਸਕਦੀ ਹੈ। ਉਨ੍ਹਾਂ ਦੇਸ਼ ਦੇ ਹੋਰ ਵੱਡਿਆਂ ਸੂਬਿਆਂ ਵਿੱਚ ਵੀ ਐਨਆਰਸੀ ਕਰਾਏ ਜਾਣ ਦੀ ਮੰਗ ਕੀਤੀ ਜਾ ਰਹੀ ਹੈ।

ਦੱਸਿਆ ਜਾ ਰਿਹਾ ਹੈ ਕਿ NRC ਡਰਾਫਟ ਵਿੱਚ ਭਾਰਤ ਦੇ ਸਾਬਕਾ ਰਾਸ਼ਟਰਪਤੀ ਫਖ਼ਰੂਦੀਨ ਅਲੀ ਅਹਿਮਦ ਦੇ ਪਰਿਵਾਰ ਤੇ ਭਤੀਜੇ ਜਿਆਉੱਦੀਨ ਅਲੀ ਅਹਿਮਦ ਦਾ ਨਾਂ ਸ਼ਾਮਲ ਨਹੀਂ ਹੈ। ਲਿਸਟ ਵਿੱਚ ਸਾਬਕਾ ਰਾਸ਼ਟਰਪਤੀ ਦੇ ਪਰਿਵਾਰ ਦਾ ਨਾਂ ਆਉਣ ’ਤੇ ਪੱਛਮ ਬੰਗਾਲ ਦੀ ਮੁੱਖ ਮੰਤਰੀ ਤੇ ਟੀਐਮਸੀ ਪ੍ਰਧਾਨ ਮਮਤਾ ਬੈਨਰਜੀ ਨੇ ਹੈਰਾਨੀ ਜਤਾਈ ਹੈ।




ਇਸ ਦੇ ਨਾਲ ਹੀ ਲਿਸਟ ਵਿੱਚ ਫੌਜ ਦੇ ਇੱਕ ਸੇਵਾਮੁਕਤ ਜਵਾਨ ਅਜਮਲ ਹੱਕ ਦਾ ਨਾਂ ਵੀ ਸ਼ਾਮਲ ਨਹੀਂ ਹੈ ਜਿਸ ਨੇ ਦੇਸ਼ ਦੀ ਸੁਰੱਖਿਆ ਲਈ ਆਪਣੀ ਜ਼ਿੰਦਗੀ ਦੇ 30 ਸਾਲ ਲਾਏ ਸਨ ਪਰ ਮੌਜੂਦਾ ਐਨਆਰਸੀ ਡਰਾਫਟ ਨੇ ਉਸ ਨੂੰ ਭਾਰਤ ਦਾ ਨਾਗਰਿਕ ਨਹੀਂ ਮੰਨਿਆ।

ਅਜਮਲ 1986 ਵਿੱਚ ਸਿਪਾਹੀ ਵਜੋਂ ਫ਼ੌਜ ’ਚ ਭਰਤੀ ਹੋਇਆ ਸੀ ਤੇ 2016 ਵਿੱਚ ਜੇਸੀਓ ਦੇ ਅਹੁਦੇ ਤੋਂ ਰਿਟਾਇਰਡ ਹੋਇਆ ਹੈ। ਅਜਮਲ ਕਾਰਗਿਲ ਤੋਂ ਲੈ ਕੇ ਪਾਕਿਸਤਾਨ ਦੇ ਨਾਲ ਪੰਜਾਬ ਵਿੱਚ ਤਾਇਨਾਤ ਰਿਹਾ ਪਰ ਹੁਣ ਉਸ ਨੂੰ ਸ਼ੱਕੀ ਦੱਸਿਆ ਗਿਆ ਹੈ।

ਡਰਾਫਟ ਵਿੱਚ ਜਵਾਨ ਦਾ ਨਾਂ ਤਾਂ ਸ਼ਾਮਲ ਨਹੀਂ ਪਰ ਉਲਫਾ ਦੇ ਚੀਫ ਰਹੇ ਉਗਰਵਾਦੀ ਪਰੇਸ਼ ਬਰੂਆ ਦਾ ਨਾਂ ਸ਼ਾਮਲ ਹੈ। ਡਰਾਫਟ ਮੁਤਾਬਕ ਉਸ ਨੂੰ ਭਾਰਤੀ ਨਾਗਰਕ ਮੰਨਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਕਿਸੇ ਵਿੱਚ ਭੂਮੀਗਤ ਜੀਵਨ ਬਿਤਾ ਰਿਹਾ ਹੈ।

ਬੀਜੇਪੀ ਪ੍ਰਧਾਨ ਅਮਿਤ ਸ਼ਾਹ ਨੇ ਕੱਲ੍ਹ ਪ੍ਰੈੱਸ ਕਾਨਫਰੰਸ ਕਰ ਕੇ ਐਲਾਨ ਕੀਤਾ ਸੀ ਕਿ ਅਸਾਮ ਐਨਆਰਸੀ ਵਿੱਚ ਜਿਨ੍ਹਾਂ 40 ਲੱਖ ਲੋਕਾਂ ਦਾ ਨਾਂ ਸ਼ਾਮਲ ਨਹੀਂ ਹੈ, ਉਹ ਸਭ ਘੁਸਪੈਠੀਏ ਹਨ। ਉਨ੍ਹਾਂ ਕਿਹਾ ਕਿ ਲਿਸਟ ਵਿੱਚੋਂ ਕਿਸੇ ਭਾਰਤੀ ਦੀ ਨਾਂ ਨਹੀਂ ਕੱਟਿਆ ਗਿਆ। ਇਸ ਮੁੱਦੇ ’ਤੇ ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਤੇ ਮਮਤਾ ਬੈਨਰਜੀ ਸਿਆਸਤ ਕਰ ਰਹੇ ਹਨ। ਇਸ ਮੁੱਦੇ ਸਬੰਧੀ ਗੱਲ ਕਰਨ ਤੋਂ ਪਹਿਲਾਂ ਉਹ ਬੰਗਲਾਦੇਸ਼ੀ ਘੁਸਪੈਠੀਆਂ ’ਤੇ ਆਪਣਾ ਰੁਖ਼ ਸਪਸ਼ਟ ਕਰਨ।

ਇਸ ਮੁੱਦੇ ਸਬੰਧੀ ਲੋਕਾਂ ਦੇ ਸ਼ੰਕੇ ਦੂਰ ਕਰਨ ਲਈ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਅੱਜ ਰਾਜਸਭਾ ਵਿੱਚ ਸਰਕਾਰ ਦਾ ਪੱਖ ਰੱਖਣਗੇ। ਉਹ ਮੰਗਲਵਾਰ ਨੂੰ ਲੋਕ ਸਭਾ ਤੇ ਰਾਜਸਭਾ ਵਿੱਚ ਉਠਾਏ ਗਏ ਸਵਾਲਾਂ ਦਾ ਵੀ ਜਵਾਬ ਦੇਣ ਤੋਂ ਇਲਾਵਾ ਨਾਮਚੀਨ ਲੋਕਾਂ ਦੇ ਨਾਂ ਕੱਟਣ ਸਬੰਧੀ ਸਫਾਈ ਵੀ ਦੇਣਗੇ। ਗ੍ਰਹਿ ਮੰਤਰੀ ਸਪਸ਼ਟ ਕਰਨਗੇ ਕਿ ਰਜਿਸਟਰਾਰ ਦਾ ਕੰਮ ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਹੋ ਰਿਹਾ ਹੈ।

ਇਸ ਵਿਵਾਦ ਸਬੰਧੀ ਅਸਾਮ ਵਿੱਚ ਕਾਨੂੰਨ ਵਿਵਸਥਾ ਵਿਗੜਨ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਖੂਫੀਆ ਏਜੰਸੀਆ ਨੇ ਕੇਂਦਰ ਸਰਕਾਰ ਨੂੰ ਚੌਕੰਨੇ ਕੀਤਾ ਹੈ ਕਿ ਦੇਸ਼ ਵਿਰੋਧੀ ਲੋਕ ਇਸ ਸਥਿਤੀ ਦਾ ਫਾਇਦਾ ਚੁੱਕ ਸਕਦੇ ਹਨ। ਅਸਾਮ ਦੇ ਦੂਰ ਦੁਰਾਡੇ ਦੇ ਇਲਾਕਿਆਂ ਵਿੱਚ ਸੁਰੱਖਿਆ ਬਲਾਂ ਨੂੰ ਸਤਰਕ ਕੀਤਾ ਗਿਆ ਹੈ।