ਨਵੀਂ ਦਿੱਲੀ : ਦੇਸ਼ ਦੇ 22 ਕੌਮੀ ਮਾਰਗਾਂ ਨੂੰ ਰਨ ਵੇ ਵਾਂਗ ਵਿਕਸਤ ਕੀਤਾ ਜਾਵੇਗਾ। ਰੱਖਿਆ ਮੰਤਰਾਲਾ ਅਤੇ ਹਾਈਵੇ ਮੰਤਰਾਲਾ ਮਿਲ ਕੇ ਇਸ ਯੋਜਨਾ ਉੱਤੇ ਕੰਮ ਕਰ ਰਹੇ ਹਨ। ਮੰਨਿਆ ਜਾ ਰਿਹਾ ਹੈ ਕਿ ਜੰਗ ਦੇ ਵਕਤ ਇਹ ਹਾਈਵੇ ਲੜਾਕੂ ਜਹਾਜ਼ਾਂ ਦੀ ਲੈਂਡਿੰਗ ਅਤੇ ਟੇਕ ਆਫ਼ ਲਈ ਇਸਤੇਮਾਲ ਕੀਤੇ ਜਾ ਸਕਣਗੇ। ਯਾਦ ਰਹੇ ਕਿ ਉੜੀ ਦਹਿਸ਼ਤਗਰਦ ਹਮਲੇ ਤੋਂ ਬਾਅਦ ਪਾਕਿਸਤਾਨ ਨੇ ਇਸਲਾਮਾਬਾਦ ਦੇ ਹਾਈਵੇ ਨੂੰ ਰਨ ਵੇ ਵਾਂਗ ਇਸਤੇਮਾਲ ਕੀਤਾ ਸੀ।

ਇਸ ਤੋਂ ਪਹਿਲਾਂ ਭਾਰਤ ਨੇ ਪਿਛਲੇ ਸਾਲ ਮਿਰਾਜ਼-2000 ਨੂੰ ਨੋਇਡਾ ਦੇ ਯਮਨਾ ਐਕਸਪ੍ਰੈੱਸ ਹਾਈਵੇ ਉੱਤੇ ਟੈਸਟਿੰਗ ਦੇ ਲਈ ਲੈਂਡ ਕਰਵਾਇਆ ਸੀ।  ਰੋਡ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਦੇ ਅਨੁਸਾਰ ਇਸ ਨਾਲ ਉਨ੍ਹਾਂ ਸਥਾਨਾਂ ਉੱਤੇ ਜਹਾਜ਼ਾਂ ਉਤਾਰਨ ਦੀ ਆਸਾਨੀ ਹੋ ਜਾਵੇਗੀ ਜਿੱਥੇ ਏਅਰਪੋਰਟ ਨਜ਼ਦੀਕ ਨਹੀਂ ਹਨ। ਗਡਕਰੀ ਨੇ ਦੱਸਿਆ ਕਿ ਇਸ ਸਬੰਧੀ ਪ੍ਰੋਪੋਜਲ ਤਿਆਰ ਕਰ ਲਈ ਗਈ ਅਤੇ ਛੇਤੀ ਹੀ ਦੋਵਾਂ ਮੰਤਰਾਲਿਆਂ ਦੀ ਬੈਠਕ ਹੋਵੇਗੀ। ਫ਼ਿਲਹਾਲ ਜੋ 22 ਹਾਈਵੇਅ ਨੂੰ ਰਨ ਵੇ ਵਾਂਗ ਤਿਆਰ ਕੀਤਾ ਗਿਆ ਉਹ ਉੱਤਰ-ਪ੍ਰਦੇਸ਼ ,ਰਾਜਸਥਾਨ, ਅਰੁਣਾਚਲ ਪ੍ਰਦੇਸ਼ ਅਤੇ ਮੇਘਾਲਿਆ ਵਿੱਚ ਹਨ।

ਪਾਕਿਸਤਾਨ ਵਿੱਚ ਦੋ ਹਾਈਵੇਅ ਉੱਤੇ ਲੜਾਕੂ ਜਹਾਜ਼ ਲੈਂਡ ਕਰਨ ਦੀ ਵਿਵਸਥਾ ਹੈ ਇਹਨਾਂ ਦੇ ਨਾਮ ਹਨ ਐਮ-1 ਹਾਈਵੇ ਪੇਸ਼ਾਵਰ ਨੂੰ ਇਸਲਾਮਾਬਾਦ ਨਾਲ ਜੋੜਦਾ ਹੈ ਅਤੇ ਦੂਜਾ ਐਮ-2 ਹਾਈਵੇ ਲਾਹੌਰ ਨੂੰ ਇਸਲਾਮਾਬਾਦ ਨਾਲ ਜੋੜਦਾ ਹੈ। ਪਾਕਿਸਤਾਨ ਨੇ 2000 ਵਿੱਚ ਇਹਨਾਂ ਹਾਈਵੇਅ ਉੱਤੇ ਜਹਾਜ਼ ਲੈਂਡ ਕਰਵਾਉਣ ਦਾ ਅਭਿਆਸ ਕੀਤਾ ਸੀ। ਯੂ ਪੀ ਵਿੱਚ ਦੋ ਹਾਈਵੇ ਆਗਰਾ-ਲਖਨਊ ਵਿਚਾਲੇ ਐਕਸਪ੍ਰੈੱਸ ਵੇ ਅਤੇ ਲਖਨਊ-ਬਲਿਆ ਦੇ ਵਿਚਕਾਰ ਪੂਰਵਾਂਚਲ ਐਕਸਪ੍ਰੈੱਸ ਵੇ ਬਣਾਏ ਜਾਣ ਦੀ ਯੋਜਨਾ ਹੈ।