ਨਵੀਂ ਦਿੱਲੀ : ਯੂ.ਪੀ. ਵਿੱਚ ਆਪਣੀ ਸਿਆਸੀ ਜ਼ਮੀਨ ਭਾਲ ਰਹੀ ਕਾਂਗਰਸ ਨੂੰ ਚੋਣਾਂ ਤੋਂ ਪਹਿਲਾਂ ਵੱਡਾ ਝਟਕਾ ਲੱਗ ਸਕਦਾ ਹੈ। ਸੂਬੇ ਵਿੱਚ ਪਾਰਟੀ ਦਾ ਵੱਡਾ ਚਿਹਰਾ ਅਤੇ ਸਾਬਕਾ ਸੂਬਾ ਪ੍ਰਧਾਨ ਰੀਤਾ ਬਹੁਗੁਣਾ ਜੋਸ਼ੀ ਕਾਂਗਰਸ ਛੱਡ ਕੇ ਬੀਜੇਪੀ ਵਿੱਚ ਸ਼ਾਮਲ ਹੋ ਸਕਦੀ ਹੈ। ਸੂਤਰਾਂ ਅਨੁਸਾਰ ਰੀਤਾ ਬਹੁਗੁਣਾ ਜੋਸ਼ੀ ਅਤੇ ਉਨ੍ਹਾਂ ਦੇ ਬੇਟਾ ਮੰਯਕ ਜੋਸ਼ੀ ਬੇਜੀਪੀ ਦੇ ਸੰਪਰਕ ਵਿੱਚ ਹੈ।

ਸੂਤਰਾਂ ਅਨੁਸਾਰ ਰੀਤਾ ਆਪਣੇ ਭਰਾ ਅਤੇ ਕਾਂਗਰਸ ਦੇ ਸਾਬਕਾ ਸੀਨੀਅਰ ਆਗੂ ਵਿਜੇ ਬਹੁਗੁਣਾ ਦੇ ਜਰੀਏ ਬੀਜੇਪੀ ਦੇ ਸੰਪਰਕ ਵਿੱਚ ਹੈ। ਦਰਅਸਲ ਰੀਤਾ ਬਹੁਗੁਣਾ ਨੂੰ ਲੱਗ ਰਿਹਾ ਹੈ ਕਿ ਉਹ ਯੂ ਪੀ ਵਿੱਚ ਹਾਸ਼ੀਏ ਉੱਤੇ ਚਲੇ ਗਈ ਹੈ। ਪਾਰਟੀ ਨੇ ਮੁੱਖ ਮੰਤਰੀ ਦੇ ਅਹੁਦੇ ਲਈ ਸ਼ੀਲਾ ਦੀਕਸ਼ਤ ਨੂੰ ਪਹਿਲਾਂ ਚੋਣ ਮੈਦਾਨ ਵਿੱਚ ਉਤਾਰ ਦਿੱਤਾ ਹੈ। ਇਸ ਤੋਂ ਇਲਾਵਾ ਸੂਬਾ ਪ੍ਰਧਾਨ ਦੀ ਕਮਾਨ ਰਾਜ ਬੱਬਰ ਨੂੰ ਸੌਂਪ ਦਿੱਤੀ ਹੈ।

ਪਾਰਟੀ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਯੂ ਪੀ ਦੇ ਵੱਖ ਵੱਖ ਇਲਾਕਿਆਂ ਦਾ ਖ਼ੁਦ ਦੌਰਾ ਕਰ ਰਹੇ ਹਨ ਪਰ ਰੀਤਾ ਬਹੁਗੁਣਾ ਜੋਸ਼ੀ ਕਿਸੇ ਵੀ ਥਾਂ ਉੱਤੇ ਦਿਖਾਈ ਨਹੀਂ ਦੇ ਰਹੇ। ਰੀਤਾ ਬਹੁਗੁਣਾ ਜੋਸ਼ੀ ਇਲਾਹਾਬਾਦ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਰਹਿ ਚੁੱਕੀ ਹੈ। 67 ਸਾਲ ਦੀ ਰੀਤਾ ਦਾ ਸਬੰਧ ਵੱਡੇ ਸਿਆਸੀ ਪਰਿਵਾਰ ਨਾਲ ਹੈ।

ਉਹ ਯੂ ਪੀ ਦੇ ਸਾਬਕਾ ਮੁੱਖ ਮੰਤਰੀ ਹੇਮਵੰਤੀ ਨੰਦਨ ਬਹੁਗੁਣਾ ਦੀ ਬੇਟੀ ਹੈ। ਰੀਤਾ ਦੇ ਭਰਾ ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਵਿਜੇ ਬਹੁਗੁਣਾ ਹਨ। ਇਸ ਤੋਂ ਇਲਾਵਾ ਉਹ ਮਹਿਲਾ ਕਾਂਗਰਸ ਦੀ ਪ੍ਰਧਾਨ ਵੀ ਰਹਿ ਚੁੱਕੀ ਹੈ। ਇਸ ਸਮੇਂ ਉਹ ਲਖਨਊ ਵਿਧਾ ਸਭਾ ਸੀਟ ਤੋਂ ਵਿਧਾਇਕ ਹਨ।