ਜਲੰਧਰ: ਹਿਮਾਚਲ ਤੇ ਕਸ਼ਮੀਰ ਵਿੱਚ ਹੋਈ ਬਰਫ਼ਬਾਰੀ ਤੋਂ ਬਾਅਦ ਪੰਜਾਬ ਵਿੱਚ ਠੰਢ ਬੇਹੱਦ ਵਧ ਗਈ ਹੈ। ਪਿਛਲੇ 24 ਘੰਟਿਆਂ ਦੌਰਾਨ ਬਠਿੰਡਾ ਵਿੱਚ ਘੱਟੋ-ਘੱਟ ਪਾਰਾ -0.8 ਡਿਗਰੀ ’ਤੇ ਪਹੁੰਚ ਗਿਆ। ਸੂਬੇ ਵਿੱਚ ਇਸ ਮੌਸਮ ’ਚ ਇਹ ਤਾਪਮਾਨ ਆਪਣੇ ਆਪ ਵਿੱਚ ਇੱਕ ਰਿਕਾਰਡ ਹੈ। ਪਟਿਆਲਾ ਨੂੰ ਛੱਡ ਕੇ ਸੂਬੇ ਦੇ ਬਾਕੀ ਸਾਰੇ ਜ਼ਿਲ੍ਹਿਆਂ ਦਾ ਪਾਰਾ 0 ਤੋਂ 2 ਡਿਗਰੀ ਰਿਕਾਰਡ ਕੀਤਾ ਗਿਆ।

96 ਘੰਟਿਆਂ ਬਾਅਦ, ਯਾਨੀ ਨਵੇਂ ਸਾਲ ਮੌਕੇ ਸੂਬੇ ਦੇ ਕੁਝ ਜ਼ਿਲ੍ਹਿਆਂ ਵਿੱਚ ਬਾਰਸ਼ ਦੀ ਸੰਭਾਵਨਾ ਹੈ। ਮੌਸਮ ਵਿਭਾਗ ਮੁਤਾਬਕ ਅਗਲੇ ਚਾਰ ਦਿਨਾਂ ਬਾਅਦ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਨਵਾਂ ਸ਼ਹਿਰ, ਰੂਪ ਨਗਰ, ਕਪੂਰਥਲਾ ਤੇ ਜਲੰਧਰ ਵਿੱਚ ਹਲਕੀ ਬਾਰਸ਼ ਹੋਏਗੀ।

ਪਹਾੜੀ ਇਲਾਕੇ ਦੀ ਗੱਲ ਕੀਤੀ ਜਾਏ ਤਾਂ ਸ੍ਰੀਨਗਰ ਦਾ ਘੱਟੋ-ਘੱਟ ਪਾਰਾ -7.7 ਡਿਗਰੀ ਪਹੁੰਚਣ ਨਾਲ ਸੀਆਰਪੀ ਕੈਂਪ ਵਿੱਚ ਨਲਕੇ ਤੋਂ ਨਿਕਲੀ ਪਾਣੀ ਦੀ ਧਾਰ ਤਕ ਜੰਮ ਗਈ ਹੈ। ਕੈਂਪ ਵਿੱਚ ਤਾਇਨਾਤ ਡਿਪਟੀ ਐਸਪੀ ਕੇ ਕੇ ਕਸ਼ਿਅਪ ਨੇ ਸੋਸ਼ਲ ਮੀਡੀਆ ’ਤੇ ਇਸ ਦੀ ਤਸਵੀਰ ਵੀ ਸਾਂਝੀ ਕੀਤੀ ਹੈ।