ਚੰਡੀਗੜ੍ਹ: ਪੰਜਾਬ ਵਿੱਚ ਡੀਜ਼ਲ-ਪੈਟਰੋਲ ਦੀਆਂ ਕੀਮਤਾਂ ਚੰਡੀਗੜ੍ਹ, ਹਿਮਾਚਲ ਤੇ ਹਰਿਆਣਾ ਨਾਲੋਂ ਵੱਧ ਹੋਣ ਨਾਲ ਪੈਟਰੋਲੀਅਮ ਪਦਾਰਥਾਂ ਦੀ ਤਸਕਰੀ ਵਧ ਗਈ ਹੈ। ਇਸ ਨਾਲ ਸਰਕਾਰ ਨੂੰ ਹਰ ਸਾਲ 250 ਕਰੋੜ ਦਾ ਨੁਕਸਾਨ ਝੱਲਣਾ ਪੈ ਰਿਹਾ ਹੈ। ਇਸ ਤੋਂ ਇਲਾਵਾ ਗੁਆਂਢੀ ਸੂਬਿਆਂ ਨਾਲ ਲੱਗਦੇ ਪੈਟਰੋਲ ਪੰਪ ਸੇਲ ਘੱਟ ਹੋਣ ਕਾਰਨ ਬੰਦ ਹੋਣ ਦੇ ਕੰਢੇ ਆ ਗਏ ਹਨ।
ਚੰਡੀਗੜ੍ਹ ਵਿੱਚ ਪੈਟਰੋਲ ਪੰਜਾਬ ਦੇ ਮੁਕਾਬਲੇ 10.58 ਰੁਪਏ ਤੇ ਡੀਜ਼ਲ 4 ਰੁਪਏ ਸਸਤਾ ਮਿਲ ਰਿਹਾ ਹੈ। ਅਜਿਹੇ ਵਿੱਚ ਪੈਟਰੋਲ ਮਾਫੀਆ ਉੱਥੋਂ ਸਸਤਾ ਤੇਲ ਲਿਆ ਕੇ ਪੰਜਾਬ ਵਿੱਚ ਵੇਚ ਰਹੇ ਹਨ। ਬਾਰਡਰ ਨਾਲ ਲੱਗਦੇ ਲੋਕ ਵੀ ਚੰਡੀਗੜ੍ਹ ਜਾ ਕੇ ਤੇਲ ਭਰਵਾ ਲੈਂਦੇ ਹਨ। ਇਸ ਨਾਲ ਚੰਡੀਗੜ੍ਹ ਵਿੱਚ ਤੇਲ ਦੀ ਖ਼ਪਤ 80 ਫੀਸਦੀ ਵਧ ਗਈ ਹੈ।
ਜਿੱਥੇ ਚੰਡੀਗੜ੍ਹ ਵਿੱਚ ਪਹਿਲਾਂ 54 ਹਜ਼ਾਰ ਕਿੱਲੋਲੀਟਰ ਤੇਲ ਦੀ ਖ਼ਪਤ ਹੁੰਦੀ ਸੀ, ਉਹ ਹੁਣ ਇਸ ਸਾਲ ਵਧ ਕੇ ਸਤੰਬਰ ਮਹੀਨੇ ਤਕ 97 ਹਜ਼ਾਰ ਕਿੱਲੋਲੀਟਰ ਹੋ ਗਈ ਹੈ। ਪੈਟਰੋਲ ਦੇ ਰੇਟ ਘੱਟ ਕਰਨ ਲਈ ਪੰਪ ਐਸੋਸੀਏਸ਼ਨ ਤੋਂ ਇਲਾਵਾ ਕਿਸਾਨ ਯੂਨੀਅਨਾਂ ਨੇ ਵੀ ਸਰਕਾਰ ਨੂੰ ਇੱਕ ਮਹੀਨੇ ਦਾ ਅਲਟੀਮੇਟਮ ਦਿੱਤਾ ਹੋਇਆ ਹੈ। ਕਿਸਾਨਾਂ ਨੂੰ ਖੇਤੀ ਕਰਨ ਲਈ ਡੀਜ਼ਲ ਕਾਫੀ ਮਹਿੰਗੇ ਭਾਅ ਪੈ ਰਿਹਾ ਹੈ।
ਕੀਮਤਾਂ ਘਟਾਉਣ ਦੀ ਹਾਲਤ ਵਿੱਚ ਨਹੀਂ ਸਰਕਾਰ
ਪਿਛਲੇ ਦਿਨੀਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਪੰਜਾਬ ਸਰਕਾਰ ਨੂੰ ਵੀ ਪਤਾ ਹੈ ਕਿ ਪੈਟਰੋਲੀਅਮ ਪਦਾਰਥਾਂ ਦੀ ਤਸਕਰੀ ਹੋ ਰਹੀ ਹੈ ਪਰ ਪੰਜਾਬ ਸਰਕਾਰ ਅਜੇ ਤੇਲ ਦੀਆਂ ਕੀਮਤਾਂ ਘੱਟ ਕਰਨ ਦੀ ਹਾਲਤ ਵਿੱਚ ਨਹੀਂ।