ਸ੍ਰੀਨਗਰ : ਭਾਰਤੀ ਸੈਨਿਕ ਮਨਦੀਪ ਸਿੰਘ ਦੀ ਦੇਹ ਨਾਲ ਕੀਤੀ ਗਈ ਬੇਹੁਰਮਤੀ ਦਾ ਬਦਲਾ ਭਾਰਤੀ ਫ਼ੌਜ ਨੇ ਪਾਕਿਸਤਾਨ ਤੋਂ ਲੈ ਲਿਆ ਹੈ। ਭਾਰਤੀ ਸੈਨਾ ਨੇ ਬਿਨਾ ਐਲ ਓ ਸੀ ਪਾਰ ਕੀਤੇ ਬਿਨਾ ਪਾਕਿਸਤਾਨ ਦੀਆਂ ਚਾਰ ਚੌਂਕੀਆਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ। ਫ਼ੌਜ ਦੀ ਨਾਰਦਰਨ ਕਮਾਂਡ ਮੁਤਾਬਿਕ ਭਾਰਤੀ ਗੋਲੀਬਾਰੀ ਦੌਰਾਨ ਪਾਕਿਸਤਾਨ ਨੂੰ ਭਾਰੀ ਜਾਨੀ ਨੁਕਸਾਨ ਦਾ ਸਾਹਮਣਾ ਵੀ ਕਰਨਾ ਪਿਆ ਹੈ। ਇੱਕ ਅੰਦਾਜ਼ੇ ਮੁਤਾਬਿਕ ਪਾਕਿਸਤਾਨੀ ਫ਼ੌਜ ਅਤੇ ਰੇਂਜਰਜ਼ ਦੇ 23 ਜਵਾਨ ਪਿਛਲੇ ਕੁੱਝ ਦਿਨਾਂ ਅੰਦਰ ਹਲਾਕ ਹੋਏ ਹਨ।
ਇਸ ਤੋਂ ਪਹਿਲਾਂ ਜੰਮੂ ਕਸ਼ਮੀਰ ’ਚ ਕੌਮਾਂਤਰੀ ਸਰਹੱਦ ਦੇ ਨਾਲ ਕਠੂਆ, ਆਰ ਐਸ ਪੁਰਾ ਅਤੇ ਕੇਰਨ ਸੈਕਟਰਾਂ ’ਚ ਪਾਕਿਸਤਾਨ ਫ਼ੌਜ ਵੱਲੋਂ ਕੀਤੀ ਗਈ ਗੋਲੀਬਾਰੀ ਕਾਰਨ ਬੀਐਸਐਫ਼ ਦਾ ਇੱਕ ਜਵਾਨ ਅਤੇ ਇੱਕ ਮਹਿਲਾ ਜ਼ਖ਼ਮੀ ਹੋ ਗਏ ਜਦਕਿ ਅਚਾਨਕ ਵਾਪਰੇ ਹਾਦਸੇ ਨਾਲ ਬੀਐਸਐਫ਼ ਦਾ ਇੱਕ ਜਵਾਨ ਹਲਾਕ ਹੋ ਗਿਆ। ਬੀਐਸਐਫ਼ ਅਧਿਕਾਰੀ ਨੇ ਕਿਹਾ ਕਿ ਬਿਨਾਂ ਭੜਕਾਹਟ ਦੇ ਪਾਕਿਸਤਾਨ ਵੱਲੋਂ ਕੀਤੀ ਜਾ ਰਹੀ ਗੋਲੀਬਾਰੀ ਦਾ ਢੁਕਵੇਂ ਢੰਗ ਨਾਲ ਜਵਾਬ ਦਿੱਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਕੇਰਨ ਸੈਕਟਰ ’ਚ ਅੱਜ ਸਵੇਰੇ ਪਾਕਿਸਤਾਨ ਫ਼ੌਜ ਦੀ ਗੋਲੀਬਾਰੀ ਦੌਰਾਨ ਮਹਿਲਾ ਸ਼ਾਹੀਨਾ ਬੇਗ਼ਮ ਜ਼ਖ਼ਮੀ ਹੋ ਗਈ। ਉਹ ਹਸਪਤਾਲ ’ਚ ਜ਼ੇਰੇ ਇਲਾਜ ਹੈ। ਇਸੇ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਸਨਿੱਚਰਵਾਰ ਨੂੰ ਰਾਸ਼ਟਰ ਨੂੰ ਭਰੋਸਾ ਦਿੱਤਾ ਹੈ ਕਿ ਸੁਰੱਖਿਆ ਬਲਾਂ ਵੱਲੋਂ ਸਰਹੱਦ ਪਾਰ ਗੋਲੀਬਾਰੀ ਦਾ ਮੂੰਹ ਤੋੜਵਾਂ ਜਵਾਬ ਦਿੱਤਾ ਜਾ ਰਿਹਾ ਹੈ ਅਤੇ ਦੇਸ਼ ਕਿਸੇ ਅੱਗੇ ਨਹੀਂ ਝੁਕੇਗਾ।