ਨਵੀਂ ਦਿੱਲੀ: ਸੰਯੁਕਤ ਰਾਸ਼ਟਰ ਵਿਸ਼ਵ ਖੁਸ਼ਹਾਲੀ ਰਿਪੋਰਟ ‘ਚ ਇਸ ਸਾਲ ਭਾਰਤ 140ਵੇਂ ਸਥਾਨ ‘ਤੇ ਰਿਹਾ ਹੈ ਜੋ ਪਿਛਲੇ ਸਾਲ ਦੇ ਮੁਕਾਬਲੇ ਸੱਤ ਅੰਕ ਹੇਠਾਂ ਆ ਗਿਆ ਹੈ। ਫਿਨਲੈਂਡ ਲਗਾਤਾਰ ਦੂਜੇ ਸਾਲ ਵੀ ਇਸ ਲਿਸਟ ‘ਚ ਟੌਪ ‘ਤੇ ਹੈ। ਇਸ ਮਾਮਲੇ ‘ਚ ਭਾਰਤ ਆਪਣੇ ਗੁਆਂਢੀ ਮੁਲਕ ਪਾਕਿਸਤਾਨ ਤੋਂ ਵੀ ਪਿੱਛੇ ਹੋ ਗਿਆ ਹੈ।
ਸੰਯੁਕਤ ਰਾਸ਼ਟਰ ਦੀ ਇਹ ਲਿਸਟ ਛੇ ਤੱਥਾਂ ‘ਤੇ ਤੈਅ ਕੀਤੀ ਜਾਂਦੀ ਹੈ। ਇਸ ‘ਚ ਆਮਦਨ, ਤੰਦਰੁਸਤ ਜੀਵਨ, ਸਮਾਜਿਕ ਸਪੋਰਟ, ਆਜ਼ਾਦੀ, ਵਿਸ਼ਵਾਸ਼ ਅਤੇ ਉਦਾਰਤਾ ਸ਼ਾਮਲ ਹਨ। ਰਿਪੋਰਟ ਮੁਤਾਬਕ ਪਿਛਲੇ ਕੁਝ ਸਾਲਾਂ ਤੋਂ ਪੂਰੇ ਸੰਸਾਰ ਦੀ ਖੁਸ਼ਹਾਲੀ ‘ਚ ਗਿਰਾਵਟ ਆਈ ਹੈ। ਇਸ ਦੇ ਨਾਲ ਹੀ ਭਾਰਤ ਦੇ ਲੋਕਾਂ ਦੇ ਖੁਸ਼ਹਾਲੀ ਪੱਧਰ ‘ਚ ਗਿਰਾਵਟ ਆਈ ਹੈ। ਭਾਰਤ 2018 ‘ਚ ਇਸ ਮਾਮਲੇ ‘ਚ 133ਵੇਂ ਸਥਾਨ ‘ਤੇ ਸੀ ਜਦਕਿ ਇਸ ਸਾਲ 140ਵੇਂ ਸਥਾਨ ‘ਤੇ ਰਿਹਾ।
ਸੱਤਵੀਂ ਖੁਸ਼ਹਾਲੀ ਪੱਧਰ ਰਿਪੋਰਟ ਦੁਨੀਆ ਦੇ 156 ਦੇਸ਼ਾਂ ਨੂੰ ਇਸ ਅਧਾਰ ‘ਤੇ ਰੈਂਕ ਕਰਦੀ ਹੈ ਕਿ ਉੱਥੇ ਦੇ ਨਾਗਰਿਕ ਖੁਦ ਨੂੰ ਕਿੰਨਾ ਖ਼ੁਸ਼ ਮਹਿਸੂਸ ਕਰਦੇ ਹਨ। ਇਸ ਲਿਸਟ ‘ਚ ਫਿਨਲੈਂਡ ਤੋਂ ਬਾਅਦ ਡੈਨਮਾਰਕ, ਨਾਰਵੇ, ਆਈਸਲੈਂਡ ਅਤੇ ਨੀਦਰਲੈਂਡ ਦਾ ਸਥਾਨ ਆਉਂਦਾ ਹੈ। ਪਾਕਿਸਤਾਨ ਇਸ ਸੂਚੀ ‘ਚ 67ਵੇਂ ਨੰਬਰ ‘ਤੇ ਹੈ। ਜਦਕਿ ਚੀਨ ਨੂੰ 93ਵਾਂ ਸਥਾਨ ਹਾਸਲ ਹੋਇਆ ਹੈ। ਦੁਨੀਆ ਦੇ ਸਬ ਤੋਂ ਅਮੀਰ ਦੇਸ਼ਾਂ ‘ਚ ਸ਼ਾਮਲ ਹੋਣ ਤੋਂ ਬਾਅਦ ਵੀ ਅਮਰੀਕਾ ਇਸ ਲਿਸਟ ‘ਚ 19ਵੇਂ ਨੰਬਰ ‘ਤੇ ਹੈ।