India Canada Tension: ਕੈਨੇਡਾ ਨੇ ਭਾਰਤ 'ਤੇ ਖਾਲਿਸਤਾਨੀ ਹਰਦੀਪ ਸਿੰਘ ਨਿੱਝਰ ਦੇ ਕਤਲ ਦਾ ਦੋਸ਼ ਲਾਇਆ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਸੀ ਕਿ ਨਿੱਝਰ ਦੇ ਕਤਲ ਵਿੱਚ ਭਾਰਤੀ ਏਜੰਟਾਂ ਦੇ ਸ਼ਾਮਲ ਹੋਣ ਦੀ ਸੰਭਾਵਨਾ ਹੈ। ਇਸ ਮਾਮਲੇ ਵਿੱਚ ਅਮਰੀਕਾ ਵੀ ਕੈਨੇਡਾ ਦੇ ਹੱਕ ਵਿੱਚ ਖੜ੍ਹਾ ਹੋ ਗਿਆ ਹੈ। ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੇਕ ਸੁਲੀਵਨ ਨੇ ਕਿਹਾ ਹੈ ਕਿ ਅਮਰੀਕਾ ਕੈਨੇਡਾ ਦੇ ਦੋਸ਼ਾਂ ਨੂੰ ਲੈ ਕੇ ਬੇਹੱਦ ਚਿੰਤਤ ਹੈ, ਉਹ ਜਾਂਚ ਦਾ ਪੂਰਾ ਸਮਰਥਨ ਕਰਦਾ ਹੈ ਤੇ ਉਹ ਚਾਹੁੰਦਾ ਹੈ ਕਿ ਦੋਸ਼ੀਆਂ ਨੂੰ ਨਿਆਂ ਦੇ ਕਟਹਿਰੇ ਵਿੱਚ ਲਿਆਂਦਾ ਜਾਵੇ।



ਜੇਕ ਸੁਲੀਵਨ ਨੇ ਕਿਹਾ ਕਿ ਅਮਰੀਕਾ ਕੈਨੇਡਾ ਤੇ ਭਾਰਤ ਦੋਵਾਂ ਦੇ ਸੰਪਰਕ ਵਿੱਚ ਹੈ। ਉਨ੍ਹਾਂ ਨੇ ਦਾਅਵਿਆਂ ਨੂੰ ਰੱਦ ਕੀਤਾ ਕਿ ਨਿੱਝਰ ਕਤਲ ਮਾਮਲੇ ਨੂੰ ਲੈ ਕੇ ਅਮਰੀਕਾ ਤੇ ਕੈਨੇਡਾ ਦਰਮਿਆਨ ਮਤਭੇਦ ਹਨ। ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੇਕ ਸੁਲੀਵਨ ਨੇ ਕਿਹਾ, 'ਮੈਂ ਇਸ ਗੱਲ ਤੋਂ ਪੂਰੀ ਤਰ੍ਹਾਂ ਇਨਕਾਰ ਕਰਦਾ ਹਾਂ ਕਿ ਅਮਰੀਕਾ ਤੇ ਕੈਨੇਡਾ ਵਿਚਾਲੇ ਦਰਾਰ ਹੈ। ਸਾਨੂੰ (ਕੈਨੇਡੀਅਨ ਦੇ) ਦੋਸ਼ਾਂ ਬਾਰੇ ਡੂੰਘੀ ਚਿੰਤਾ ਹੈ। ਅਸੀਂ ਚਾਹੁੰਦੇ ਹਾਂ ਕਿ ਜਾਂਚ ਅੱਗੇ ਵਧੇ ਤੇ ਦੋਸ਼ੀਆਂ ਨੂੰ ਜਵਾਬਦੇਹ ਠਹਿਰਾਇਆ ਜਾਵੇ। ਜਦੋਂ ਤੋਂ ਇਹ ਮੁੱਦਾ ਜਨਤਕ ਹੋਇਆ ਹੈ, ਅਮਰੀਕਾ ਉਦੋਂ ਤੋਂ ਹੀ ਇਸ ਮੁੱਦੇ 'ਤੇ ਡਟਿਆ ਹੋਇਆ ਹੈ ਤੇ ਜਦੋਂ ਤੱਕ ਇਹ ਪੂਰੀ ਤਰ੍ਹਾਂ ਸਾਹਮਣੇ ਨਹੀਂ ਆ ਜਾਂਦਾ, ਉਦੋਂ ਤੱਕ ਡਟਿਆ ਰਹੇਗਾ।


ਭਾਰਤ ਬਾਰੇ ਕੀ ਕਿਹਾ?
ਜੇਕ ਸੁਲੀਵਨ ਨੇ ਕਿਹਾ ਕਿ ਕੈਨੇਡਾ ਵਿੱਚ ਸਿੱਖ 'ਵੱਖਵਾਦੀ ਨੇਤਾ' ਦੀ ਹੱਤਿਆ ਬਾਰੇ ਕੈਨੇਡਾ ਦੇ ਦਾਅਵਿਆਂ ਤੋਂ ਬਾਅਦ ਅਮਰੀਕਾ ਉੱਚ ਪੱਧਰ 'ਤੇ ਭਾਰਤੀਆਂ ਦੇ ਸੰਪਰਕ ਵਿੱਚ ਹੈ ਤੇ ਸਰਕਾਰ ਇਸ ਮਾਮਲੇ ਵਿੱਚ ਭਾਰਤ ਨੂੰ ਕੋਈ "ਵਿਸ਼ੇਸ਼ ਰਿਆਇਤਾਂ" ਨਹੀਂ ਦੇ ਰਹੀ।



ਦੋਸ਼ 'ਤੇ ਭਾਰਤ ਦਾ ਸਟੈਂਡ?
ਭਾਰਤ ਨੇ ਕੈਨੇਡਾ ਦੇ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ। ਭਾਰਤ ਨੇ ਕੈਨੇਡੀਅਨ ਪ੍ਰਧਾਨ ਮੰਤਰੀ ਦੇ ਦੋਸ਼ਾਂ ਨੂੰ 'ਬੇਹੁਦਾ' ਤੇ 'ਪ੍ਰੇਰਿਤ' ਦੱਸਿਆ ਹੈ। ਭਾਰਤ ਨੇ ਕੈਨੇਡਾ 'ਤੇ ਆਪਣੇ ਦੇਸ਼ 'ਚ ਖਾਲਿਸਤਾਨੀਆਂ ਨੂੰ ਖਾਦ-ਪਾਣੀ ਮੁਹੱਈਆ ਕਰਵਾਉਣ ਦਾ ਦੋਸ਼ ਲਾਇਆ ਹੈ ਤੇ ਇਸ ਮੁੱਦੇ ਨੂੰ ਭਟਕਾਉਣ ਲਈ ਉਹ ਭਾਰਤ 'ਤੇ ਅਜਿਹੇ ਮਨਘੜਤ ਦੋਸ਼ ਲਗਾ ਰਿਹਾ ਹੈ।