Sukha Duneke: ਕੈਨੇਡਾ ਦੇ ਵਿਨੀਪੈਗ 'ਚ ਪੰਜਾਬ ਦੇ ਮੋਸਟ ਵਾਂਟੇਡ ਗੈਂਗਸਟਰ ਸੁਖਦੁਲ ਸਿੰਘ ਉਰਫ ਸੁੱਖਾ ਦੁੱਨੇਕੇ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। Winnipeg ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ 18 ਸਤੰਬਰ ਨੂੰ ਐਲਡਗੇਟ ਰੋਡ ਖੇਤਰ ਵਿੱਚ ਗੋਲੀਬਾਰੀ ਤੋਂ ਬਾਅਦ ਉਸਦੀ ਮੌਤ ਹੋ ਗਈ ਹੈ। ਸੁੱਖਾ ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਪਿੰਡ ਦੁੱਨੇਕੇ ਕਲਾਂ ਦਾ ਵਸਨੀਕ ਸੀ।



ਲਾਰੈਂਸ ਬਿਸ਼ਨੋਈ ਗੈਂਗ ਜਾਂ ਜੱਗੂ ਭਗਵਾਨਪੁਰੀਆ ਗੈਂਗ


ਦਸੰਬਰ 2017 ਵਿੱਚ ਉਹ ਕੈਨੇਡਾ ਭੱਜ ਗਿਆ ਸੀ। ਸੁੱਖਾ ਖ਼ਿਲਾਫ਼ ਪੰਜਾਬ ਵਿੱਚ 16 ਕੇਸ ਦਰਜ ਹਨ। ਸੁੱਖਾ ਬੰਬੀਹਾ ਗੈਂਗ ਨਾਲ ਜੁੜਿਆ ਹੋਇਆ ਸੀ। ਉਸ ਦੇ ਕਤਲ ਤੋਂ ਬਾਅਦ ਸਿਹਰਾ ਲੈਣ ਦੀ ਦੌੜ ਲੱਗੀ ਹੋਈ ਹੈ। ਲਾਰੈਂਸ ਬਿਸ਼ਨੋਈ ਗੈਂਗ ਨੇ ਸੋਸ਼ਲ ਮੀਡੀਆ 'ਤੇ ਇਸ ਦੀ ਜ਼ਿੰਮੇਵਾਰੀ ਲਈ ਹੈ। ਦੂਜੇ ਪਾਸੇ ਜੱਗੂ ਭਗਵਾਨਪੁਰੀਆ ਗੈਂਗ ਨੇ ਵੀ ਸੁੱਖਾ ਦੁੱਨੇਕੇ ਨੂੰ ਮਾਰਨ ਦਾ ਦਾਅਵਾ ਕੀਤਾ ਹੈ।


ਮੂਸੇਵਾਲਾ ਦੇ ਕਤਲ ਪਿੱਛੇ ਲਾਰੈਂਸ ਗੈਂਗ ਸੀ
ਗੋਲਡੀ ਬਰਾੜ ਨੇ ਮੂਸੇਵਾਲਾ ਦੇ ਕਤਲ ਤੋਂ ਬਾਅਦ ਇੱਕ ਫੇਸਬੁੱਕ ਪੋਸਟ ਵਿੱਚ ਲਿਖਿਆ ਸੀ ਕਿ ਅਸੀਂ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲੈਂਦੇ ਹਾਂ। ਮੂਸੇਵਾਲਾ ਨੇ ਸਾਡੇ ਭਰਾ ਵਿੱਕੀ ਮਿੱਡੂਖੇੜਾ ਦੇ ਕਤਲ ਵਿੱਚ ਮਦਦ ਕੀਤੀ ਸੀ, ਇਸ ਦਾ ਬਦਲਾ ਲਿਆ ਗਿਆ। ਇਸ ਤੋਂ ਬਾਅਦ ਬੰਬੀਹਾ ਗੈਂਗ ਨੇ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਨੂੰ ਸਿੱਧੂ ਮੂਸੇਵਾਲਾ ਦੇ ਕਤਲ ਦਾ ਬਦਲਾ ਲੈਣ ਲਈ ਕਿਹਾ ਸੀ।


ਪਿਛਲੇ ਸਾਲ ਸਤੰਬਰ ਵਿੱਚ ਰਾਜਸਥਾਨ ਦੇ ਨਾਗੌਰ ਵਿੱਚ ਸੇਠੀ ਗੈਂਗ ਦੇ ਮੈਂਬਰ ਸੰਦੀਪ ਬਿਸ਼ਨੋਈ ਉਰਫ਼ ਸੇਠੀ ਦਾ ਕਤਲ ਕਰ ਦਿੱਤਾ ਗਿਆ ਸੀ। ਸੰਦੀਪ ਬਿਸ਼ਨੋਈ ਵੀ ਲਾਰੈਂਸ ਬਿਸ਼ਨੋਈ ਦੇ ਖਾਸ ਸਨ। ਹੁਣ ਲਾਰੈਂਸ ਬਿਸ਼ਨੋਈ ਨੇ ਸੁੱਖਾ ਦੇ ਕਤਲ ਦੀ ਜ਼ਿੰਮੇਵਾਰੀ ਲੈਂਦਿਆਂ ਇਸ ਨੂੰ ਗੁਰਲਾਲ, ਮਿੱਡੂਖੇੜਾ ਅਤੇ ਸੰਦੀਪ ਨੰਗਲ ਅੰਬੀਆ ਦੀ ਮੌਤ ਦਾ ਬਦਲਾ ਕਰਾਰ ਦਿੱਤਾ ਹੈ।


ਬੰਬੀਹਾ ਗੈਂਗ ਦਾ ਮੈਂਬਰ ਸੀ ਸੁੱਖਾ
ਦੱਸਿਆ ਜਾਂਦਾ ਹੈ ਕਿ ਸੁੱਖਾ ਦਵਿੰਦਰ ਬੰਬੀਹਾ ਗੈਂਗ ਦਾ ਐਕਟੀਵ ਮੈਂਬਰ ਸੀ। ਦੁੱਨੇਕੇ ਕੈਨੇਡਾ ਵਿੱਚ ਗੈਂਗਸਟਰ ਤੋਂ ਅੱਤਵਾਦੀ ਬਣਿਆ ਅਰਸ਼ ਡੱਲਾ, ਗੈਂਗਸਟਰ ਲੱਕੀ ਪਟਿਆਲ, ਗੈਂਗਸਟਰ ਜਸਪਾਲ ਸਿੰਘ ਉਰਫ਼ ਲਾਲੀ ਅਤੇ ਕੈਨੇਡਾ ਵਿੱਚ ਹੋਰ ਅਪਰਾਧੀਆਂ ਦਾ ਵੀ ਕਰੀਬੀ ਸੀ।


ਗੈਂਗਸਟਰ ਸੁੱਖਾ 'ਤੇ ਵਿਦੇਸ਼ ਤੋਂ ਅੱਤਵਾਦੀ ਵਾਰਦਾਤਾਂ ਨੂੰ ਅੰਜਾਮ ਦੇਣ, ਫਿਰੌਤੀ ਵਸੂਲੀ ਅਤੇ ਟਾਰਗੇਟ ਕਿਲਿੰਗ ਦੇ ਦੋਸ਼ ਸਨ। ਦੁੱਨੇਕੇ ਦੇ ਖਿਲਾਫ 2022 ਵਿੱਚ ਲੁੱਕਆਊਟ ਸਰਕੂਲਰ ਜਾਰੀ ਕੀਤਾ ਗਿਆ ਸੀ।