ਸ੍ਰੀਨਗਰ: ਪੁਲਵਾਮਾ ਹਮਲੇ ਮਗਰੋਂ ਕਸ਼ਮੀਰ ਦੇ ਹਾਲਾਤ ਤਲਖ ਹੁੰਦੇ ਜਾ ਰਹੇ ਹਨ। ਮੋਦੀ ਸਰਕਾਰ ਇੱਕ ਪਾਸੇ ਪਾਕਿਸਤਾਨ ਖਿਲਾਫ ਕੌਮਾਂਤਰੀ ਤੇ ਆਰਥਿਕ ਮੰਚਾਂ 'ਤੇ ਸ਼ਿਕੰਜਾ ਕੱਸ ਰਹੀ ਹੈ, ਇਸ ਦੇ ਨਾਲ ਹੀ ਕਸ਼ਮੀਰ ਵਿੱਚ ਵੀ ਸਖਤੀ ਕਰਨ ਜਾ ਰਹੀ ਹੈ। ਕਸ਼ਮੀਰ ਦੇ ਵੱਖਵਾਦੀ ਲੀਡਰਾਂ ਤੋਂ ਸੁਰੱਖਿਆ ਵਾਪਸ ਲੈਣ ਮਗਰੋਂ ਸ਼ਨੀਵਾਰ ਨੂੰ ਸੁਰੱਖਿਆ ਏਜੰਸੀਆਂ ਨੇ ਜਮਾਤ-ਏ-ਇਸਲਾਮੀ ਦੇ ਕਈ ਵੱਡੇ ਆਗੂਆਂ ਸਣੇ 150 ਜਣਿਆਂ ਨੂੰ ਹਿਰਾਸਤ ਵਿੱਚ ਲੈ ਲਿਆ।

ਭਾਰਤ ਸਰਕਾਰ ਦੀ ਸਖਤੀ ਤੇ ਦੇਸ਼ ਵਿੱਚ ਕਸ਼ਮੀਰੀ ਵਿਦਿਆਰਥੀਆਂ ਤੇ ਕਾਰੋਬਾਰੀਆਂ 'ਤੇ ਹਮਲਿਆਂ ਮਗਰੋਂ ਵਾਦੀ ਵਿੱਚ ਵੀ ਗੁੱਸਾ ਵਧ ਗਿਆ ਹੈ। ਅੱਜ ਵੱਖਵਾਦੀਆਂ ਵੱਲੋਂ ਬੰਦ ਦੇ ਸੱਦੇ ਕਰਕੇ ਆਮ ਜਨਜੀਵਨ ਠੱਪ ਹੋ ਕੇ ਰਹਿ ਗਿਆ। ਉਧਰ, ਸਰਕਾਰ ਨੇ ਵਾਦੀ ਵਿੱਚ 10,000 ਹੋਰ ਜਵਾਨ ਤਾਇਨਾਤ ਕਰ ਦਿੱਤੇ ਹਨ।

ਕੇਂਦਰੀ ਗ੍ਰਹਿ ਮੰਤਰਾਲੇ ਨੇ ਅਰਧ ਸੈਨਿਕ ਬਲਾਂ ਦੀਆਂ ਵਾਧੂ 100 ਕੰਪਨੀਆਂ ਤਾਇਨਾਤ ਕਰ ਦਿੱਤੀਆਂ ਹਨ। ਮੰਤਰਾਲੇ ਨੇ ਇਸ ਤਾਇਨਾਤੀ ਪਿਛਲੇ ਕਾਰਨਾਂ ਬਾਰੇ ਕੁਝ ਨਹੀਂ ਦੱਸਿਆ ਪਰ ਮੰਨਿਆ ਜਾ ਰਿਹਾ ਹੈ ਕਿ ਕਸ਼ਮੀਰ ਵਿੱਚ ਵਧ ਰਹੇ ਰੋਹ ਕਰਕੇ ਹਾਲਾਤ ਵਿਗੜਣ ਦਾ ਖਦਸ਼ਾ ਹੈ।

ਗ੍ਰਹਿ ਮੰਤਰਾਲੇ ਦੇ ਸੂਤਰਾਂ ਮੁਤਾਬਕ ‘ਤੁਰੰਤ’ ਪ੍ਰਭਾਵ ਨਾਲ ਸੀਆਰਪੀਐਫ ਦੀਆਂ 45 ਕੰਪਨੀਆਂ, ਸੀਮਾ ਸੁਰੱਖਿਆ ਬਲ (ਬੀਐਸਐਫ) ਦੀਆਂ 35 ਕੰਪਨੀਆਂ ਤੇ ਸਸ਼ਸਤਰ ਸੀਮਾ ਬਲ (ਐਸਐਸਬੀ) ਤੇ ਇੰਡੋ-ਤਿੱਬਤ ਬਾਰਡਰ ਪੁਲਿਸ (ਆਈਟੀਬੀਪੀ) ਦੀਆਂ 10-10 ਕੰਪਨੀਆਂ ਜੰਮੂ ਕਸ਼ਮੀਰ ਵਿੱਚ ਤਾਇਨਾਤ ਕੀਤੀਆਂ ਜਾ ਰਹੀਆਂ ਹਨ।