ਨਵੀਂ ਦਿੱਲੀ: ਬਲੋਚਿਸਤਾਨ ਦੇ ਮੁੱਦੇ ਉੱਤੇ ਪਾਕਿਸਤਾਨ ਨੂੰ ਘੇਰਨ ਵਾਲੀ ਭਾਰਤ ਸਰਕਾਰ ਹੁਣ ਪ੍ਰਮੁੱਖ ਬਲੋਚ ਆਗੂ ਬ੍ਰੇਹਾਦਾਗ ਬੁਗਤੀ ਨੂੰ ਭਾਰਤ ਵਿੱਚ ਸ਼ਰਨ ਦੇਣ ਉੱਤੇ ਵਿਚਾਰ ਕਰ ਰਹੀ ਹੈ। ਪਾਕਿਸਤਾਨੀ ਜੀਓ ਚੈਨਲ ਨੇ ਦਾਅਵਾ ਕੀਤਾ ਹੈ ਕਿ ਬੁਗਤੀ ਨੂੰ ਭਾਰਤੀ ਨਾਗਰਿਕਤਾ ਮਿਲ ਸਕਦੀ ਹੈ। ਚੈਨਲ ਅਨੁਸਾਰ ਬੁਗਤੀ ਦੇ ਨਾਲ-ਨਾਲ ਮੁਹੰਮਦ ਬੁਗਤੀ ਤੇ ਅਜੀਜ਼ਓਲਾ ਬੁਗਤੀ ਨੂੰ ਭਾਰਤ ਵਿੱਚ ਸ਼ਰਨ ਮਿਲ ਸਕਦੀ ਹੈ।

ਕੁਝ ਮੀਡੀਆ ਰਿਪੋਰਟਾਂ ਅਨੁਸਾਰ 16 ਮੈਂਬਰੀ ਬਲੋਚ ਰਿਪਬਲਿਕਨ ਪਾਰਟੀ ਨੇ ਜੈਨੇਵਾ ਵਿੱਚ ਮੀਟਿੰਗ ਬੁਲਾਈ ਹੈ। ਇਸ ਮੀਟਿੰਗ ਵਿੱਚ ਪਾਰਟੀ ਦੇ 7 ਮੈਂਬਰ ਮੌਜੂਦ ਰਹਿਣਗੇ ਜਿਸ ਵਿੱਚ ਬੁਗਤੀ ਦੇ ਭਾਰਤ ਵਿੱਚ ਜਾਣ ਦੇ ਫ਼ੈਸਲੇ ਉੱਤੇ ਮੋਹਰ ਲੱਗ ਸਕਦੀ ਹੈ। ਇਸ ਤੋਂ ਬਾਅਦ ਬੁਗਤੀ ਜੇਨੇਵਾ ਸਥਿਤ ਭਾਰਤੀ ਦੂਤਾਵਾਸ ਵਿੱਚ ਸ਼ਰਨ ਲਈ ਅਰਜ਼ੀ ਦੇ ਸਕਦੇ ਹਨ।

ਪਾਕਿ ਚੈਨਲ ਨੇ ਦਾਅਵਾ ਕੀਤਾ ਹੈ ਕਿ 15 ਅਗਸਤ ਨੂੰ ਪ੍ਰਧਾਨ ਮੰਤਰੀ ਦੇ ਬਲੋਚਿਸਤਾਨ ਬਾਰੇ ਲਾਲੇ ਕਿਲ੍ਹੇ ਤੋਂ ਦਿੱਤੇ ਗਏ ਭਾਸ਼ਣ ਤੋਂ ਪਹਿਲਾਂ ਹੀ ਬੁਗਤੀ ਤੇ ਭਾਰਤੀ ਅਧਿਕਾਰੀਆਂ ਦੀਆਂ ਇਸ ਸਬੰਧੀ ਕਈ ਮੀਟਿੰਗਾਂ ਹੋ ਚੁੱਕੀਆਂ ਹਨ। ਬੁਗਤੀ ਬਲੋਚ ਰਿਪਬਲਿਕਨ ਪਾਰਟੀ ਦੇ ਫਾਊਡਰ ਮੈਂਬਰ ਹਨ।

ਇਹ ਪਾਰਟੀ ਬਲੋਚਿਸਤਾਨ ਦੀ ਆਜ਼ਾਦੀ ਦੀ ਮੰਗ ਕਰ ਰਹੀ ਹੈ। ਬੁਗਤੀ ਦੇ ਦਾਦਾ ਅਕਬਰ ਬੁਗਤੀ ਦੀ ਹੱਤਿਆ 2006 ਵਿੱਚ ਪਾਕਿਸਤਾਨੀ ਸੈਨਾ ਨੇ ਹੱਤਿਆ ਕਰ ਦਿੱਤੀ ਸੀ। ਇਸ ਤੋਂ ਬਾਅਦ ਉਨ੍ਹਾਂ ਅਫ਼ਗ਼ਾਨਿਸਤਾਨ ਵਿੱਚ ਸ਼ਰਨ ਲੈ ਲਈ ਸੀ। ਅਫ਼ਗ਼ਾਨਿਸਤਾਨ ਤੋਂ ਬਾਅਦ 2010 ਵਿੱਚ ਉਹ ਸਵਿਟਜ਼ਰਲੈਂਡ ਪਹੁੰਚ ਗਏ ਤੇ ਹੁਣ ਉਹ ਉੱਥੇ ਹੀ ਰਹਿ ਰਹੇ ਹਨ।