ਨਵੀਂ ਦਿੱਲੀ: ਭਾਰਤ ਵਿੱਚ ਪਾਕਿਸਤਾਨ ਦੇ ਹਾਈ ਕਮਿਸ਼ਨਰ ਅਬਦੁੱਲ ਬਾਸਿਤ ਦਾ ਕਹਿਣਾ ਹੈ, 'ਜੰਗ ਕੋਈ ਹੱਲ ਨਹੀਂ। ਕਸ਼ਮੀਰੀਆਂ ਨੂੰ ਭਵਿੱਖ ਦੀ ਚੋਣ ਦਾ ਮੌਕਾ ਦਿਓ। ਜੇਕਰ ਉਹ ਭਾਰਤ ਵਿੱਚ ਖੁਸ਼ ਹਨ ਤਾਂ ਉਨ੍ਹਾਂ ਨੂੰ ਉੱਥੇ ਹੀ ਰਹਿਣ ਦਿਓ।' ਇਸ ਵਿਚਾਲੇ ਨਰਿੰਦਰ ਮੋਦੀ ਦੀ ਵਾਰਨਿੰਗ 'ਤੇ ਪਾਕਿਸਤਾਨ ਭੜਕ ਗਿਆ। ਇਸਲਾਮਾਬਾਦ ਵਿੱਚ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਮੋਦੀ ਦੇ ਇਸ ਬਿਆਨ ਨੂੰ ਗਲਤ ਦੱਸਿਆ ਕਿ ਪਾਕਿਸਤਾਨ ਅੱਤਵਾਦ ਦਾ ਐਕਸਪੋਰਟਰ ਹੈ।
ਕੋਲਕਾਤਾ ਦੇ ਅਖਬਾਰ 'ਟੈਲੀਗਰਾਫ' ਨੂੰ ਦਿੱਤੇ ਇੰਟਰਵਿਊ ਵਿੱਚ ਉੜੀ ਪਾਕਿਸਤਾਨ ਵਿੱਚ ਅੱਤਵਾਦੀ ਹਮਲੇ ਬਾਰੇ ਬਾਸਿਤ ਨੇ ਕਿਹਾ, 'ਮੈਂ ਦੱਸਣਾ ਚਾਹੁੰਦਾ ਹਾਂ ਕਿ ਪਾਕਿਸਤਾਨ ਦਾ ਇਸ ਹਮਲੇ ਨਾਲ ਕੋਈ ਲੈਣਾ-ਦੇਣਾ ਨਹੀਂ।' ਭਾਰਤ ਵੱਲੋਂ ਪਾਕਿਸਤਾਨ ਨੂੰ ਅੱਤਵਾਦੀ ਮੁਲਕ ਕਹੇ ਜਾਣ 'ਤੇ ਬਾਸਿਤ ਨੇ ਕਿਹਾ, 'ਉਹ ਮਹਿਜ਼ ਜੁਮਲੇਬਾਜ਼ੀ ਹੈ। ਅਸੀਂ ਵੀ ਅਜਿਹੇ ਸ਼ਬਦਾਂ ਦਾ ਇਸਤੇਮਾਲ ਕਰ ਸਕਦੇ ਹਾਂ, ਪਰ ਇਸ ਨਾਲ ਕੋਈ ਮਕਸਦ ਹੱਲ ਨਹੀਂ ਹੋ ਸਕਦਾ। ਦੋ ਦੇਸ਼ਾਂ ਦੇ ਰਿਸ਼ਤੇ ਜੁਮਲੇਬਾਜ਼ੀ ਨਾਲ ਨਹੀਂ ਚੱਲਦੇ।'
ਪਾਕਿਸਤਾਨ ਹਾਫਿਜ ਸਈਦ ਤੇ ਸੈਯਦ ਸਲਾਹੂਦੀਨ ਨੂੰ ਭਾਰਤ ਖਿਲਾਫ ਜ਼ਹਿਰ ਉਗਲਣ ਦੀ ਇਜਾਜ਼ਤ ਕਿਉਂ ਦਿੰਦਾ ਹੈ? ਇਸ 'ਤੇ ਬਾਸਿਤ ਨੇ ਕਿਹਾ, 'ਅਜਿਹੀ ਆਵਾਜ਼ ਭਾਰਤ ਵਿੱਚ ਵੀ ਉਠਦੀ ਹੈ, ਪਰ ਪਾਕਿਸਤਾਨ ਜਾਂ ਭਾਰਤ ਦੀ ਪਾਲਿਸੀ ਲੋਕਾਂ ਦੇ ਅੱਗ ਉਗਲਣ ਵਾਲੇ ਭਾਸ਼ਣਾਂ ਤੋਂ ਤੈਅ ਨਹੀਂ ਹੁੰਦੀ।' ਭਾਰਤ ਨੇ ਉੜੀ ਹਮਲੇ ਦਾ ਬਦਲਾ ਲੈ ਲਿਆ ਹੈ। ਅਜਿਹੀਆਂ ਖਬਰਾਂ ਸੋਸ਼ਲ ਮੀਡੀਆ 'ਤੇ ਹਨ ਕਿ ਇੰਡੀਅਨ ਆਰਮੀ ਨੇ ਸੀਮਾ ਪਾਰ ਕਰ ਅੱਤਵਾਦੀ ਕੈਂਪਾਂ ਨੂੰ ਤਬਾਹ ਕੀਤਾ ਹੈ। ਇਸ ਬਾਰੇ ਬਾਸਿਤ ਨੇ ਕੋਈ ਵੀ ਜਾਣਕਾਰੀ ਹੋਣ ਤੋਂ ਇਨਕਾਰ ਕੀਤਾ ਤੇ ਕਿਹਾ ਕਿ ਪਾਕਿਸਤਾਨ ਆਪਣੀ ਹਿਫਾਜ਼ਤ ਕਰਨ ਵਿੱਚ ਕਾਬਲ ਹੈ।