ਜੈਪੁਰ: ਸਰਹੱਦ 'ਤੇ ਮੰਡਰਾ ਰਹੇ ਟਿੱਡੀ ਦਲ ਦੇ ਖ਼ਤਰੇ ਨਾਲ ਨਜਿੱਠਣ ਲਈ ਭਾਰਤ ਤੇ ਪਾਕਿਸਤਾਨ ਦੇ ਅਧਿਕਾਰੀਆਂ ਨੇ ਮੀਟਿੰਗ ਕੀਤੀ। 1993 ਦੇ ਬਾਅਦ ਟਿੱਡੀ ਦਲ ਦਾ ਇਹ ਪਹਿਲਾ ਸਭ ਤੋਂ ਵੱਡਾ ਹਮਲਾ ਮੰਨਿਆ ਜਾ ਰਿਹਾ ਹੈ। ਇਹ ਵੀ ਸੰਭਾਵਨਾ ਹੈ ਕਿ ਦੋਵੇਂ ਮੁਲਕਾਂ ਦੀਆਂ ਫੌਜਾਂ ਇਕੱਠੀਆਂ ਹੋ ਕੇ ਇਸ ਮੁਸ਼ਕਲ ਦਾ ਸਾਹਮਣਾ ਕਰਨਗੀਆਂ। ਰਾਜਸਥਾਨ 'ਚ ਭਾਰਤ-ਪਾਕਿ ਸਰਹੱਦ ਦੇ ਪਿੰਡ ਮੁਨਾਬੋ ਵਿੱਚ ਕਰੀਬ 4 ਘੰਟੇ ਚੱਲੀ ਇਸ ਬੈਠਕ ਵਿੱਚ ਵਿਗਿਆਨੀ ਵੀ ਸ਼ਾਮਲ ਹੋਏ। ਇਸ ਵਿੱਚ ਖ਼ਤਰੇ ਨਾਲ ਨਜਿੱਠਣ ਦੇ ਤਰੀਕਿਆਂ ਬਾਰੇ ਚਰਚਾ ਹੋਈ। ਬੁੱਧਵਾਰ ਨੂੰ ਸਰਹੱਦ ਨਾਲ ਲੱਗਦੇ ਸਾਰੇ ਜ਼ਿਲ੍ਹਿਆਂ ਵਿੱਚ ਅਲਰਟ ਜਾਰੀ ਕਰ ਦਿੱਤਾ ਗਿਆ। ਦੱਸ ਦੇਈਏ ਟਿੱਡੀ ਦਲ ਇੱਕ ਤਰ੍ਹਾਂ ਦੇ ਕੀੜੇ ਹੁੰਦੇ ਹਨ। ਭਾਰਤੀ ਅਧਿਕਾਰੀਆਂ ਨੇ ਦੱਸਿਆ ਕਿ ਪਿਛਲੇ ਮਹੀਨੇ ਪਾਕਿਸਤਾਨ ਸਰਹੱਦ ਨਾਲ ਜੁੜੇ ਜੈਸਲਮੇਰ ਦੇ ਕੁਝ ਪਿੰਡਾਂ ਵਿੱਚ ਟਿੱਡੀ ਦਲ ਦੀਆਂ ਸਰਗਰਮੀਆਂ ਦੇ ਨਿਸ਼ਾਨ ਮਿਲੇ ਸੀ। ਇਸ ਮਗਰੋਂ ਜੋਧਪੁਰ ਵਿੱਚ ਟਿੱਡੀ ਚੇਤਾਵਨੀ ਸੰਗਠਨ ਦੇ ਮੁੱਖ ਦਫ਼ਤਰ ਨੇ ਇਸ ਨਾਲ ਨਜਿੱਠਣ ਲਈ ਸਰਵੇਖਣ ਕਰਵਾਇਆ ਸੀ। ਟਿੱਡੀ ਚੇਤਾਵਨੀ ਅਧਿਕਾਰੀ ਮਹੇਸ਼ ਚੰਦਰ ਨੇ ਨਿਊਜ਼ ਏਜੰਸੀ ਨੂੰ ਦੱਸਿਆ ਕਿ 26 ਸਾਲਾਂ ਬਾਅਦ ਟਿੱਡੀ ਦਲ ਦਾ ਇੰਨੇ ਵੱਡੇ ਪੱਧਰ 'ਤੇ ਖ਼ਤਰਾ ਮੰਡਰਾ ਰਿਹਾ ਹੈ। ਹਾਲਾਂਕਿ ਜੈਸਲਮੇਰ ਵਿੱਚ ਪਹਿਲਾਂ ਵੀ ਅਜਿਹੇ ਦਲ ਵੇਖੇ ਗਏ ਹਨ। ਇਹ ਪਾਕਿਸਤਾਨ ਤੋਂ ਆਉਂਦੇ ਹਨ ਤੇ ਭਾਰਤ ਦੇ ਬਾੜਮੇਰ, ਜੈਸਲਮੇਰ, ਫਲੌਦੀ, ਬੀਕਾਨੇਰ ਤੇ ਸੂਰਤਗੜ੍ਹ ਇਲਾਕਿਆਂ ਵਿੱਚ ਫੈਲ ਜਾਂਦੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਟਿੱਡੀ ਦਲ ਨਾਲ ਨਜਿੱਠਣ ਲਈ ਮੀਥਾਲੀਨ ਰਸਾਇਣ ਦਾ ਇਸਤੇਮਾਲ ਹੁੰਦਾ ਹੈ। ਟਿੱਡੀ ਚੇਤਾਵਨੀ ਸੰਗਠਨ ਨੇ ਸਾਰੇ ਸਾਧਨਾਂ ਨਾਲ ਤਿਆਰੀ ਕੱਸ ਲਈ ਹੈ। ਟੀਮਾਂ ਸਾਰੀਆਂ ਥਾਵਾਂ ਪੁੱਜ ਗਈਆਂ ਹਨ। ਆਮ ਤੌਰ 'ਤੇ ਟਿੱਡੀ ਦਲ ਜੂਨ ਤੇ ਜੁਲਾਈ ਮਹੀਨਿਆਂ ਵਿੱਚ ਨਜ਼ਰ ਆਉਂਦੇ ਹਨ। ਇਸ ਦੌਰਾਨ ਇਹ ਤੇਜ਼ੀ ਨਾਲ ਸਰਗਰਮ ਹੁੰਦੇ ਹਨ। ਯੂਐਨ ਦੇ ਫੂਡ ਐਂਡ ਐਗਰੀਕਲਚਰ ਆਰਗੇਨਾਈਜ਼ੇਸ਼ਨ ਮੁਤਾਬਕ ਇਹ ਇੰਨ੍ਹਾਂ ਕੀੜਿਆਂ ਦਾ ਪ੍ਰਜਣਨ ਕਾਲ ਹੁੰਦਾ ਹੈ। ਆਉਣ ਵਾਲੇ ਹਫ਼ਤੇ ਵਿੱਚ ਰਾਜਸਥਾਨ ਦੇ ਕੁਝ ਇਲਾਕਿਆਂ ਵਿੱਚ ਟਿੱਡੀ ਦਲ ਖ਼ਤਰਾ ਬਣ ਸਕਦੇ ਹਨ। ਭਾਰਤ ਦੇ ਮੈਦਾਨੀ ਇਲਾਕਿਆਂ ਵਿੱਚ ਟਿੱਡੀ ਦਲ ਨਾਲ ਨਜਿੱਠਣ ਲਈ ਤਿਆਰੀਆਂ ਜਾਰੀ ਹਨ।