ਨਵੀਂ ਦਿੱਲੀ: ਭਾਰਤ-ਪਾਕਿਸਤਾਨ ਦੇ ਰਿਸ਼ਤਿਆਂ 'ਚ ਤਲਖੀ ਤੇ ਤਣਾਅ ਦੇ ਚੱਲਦਿਆਂ ਦੋਵੇਂ ਦੇਸ਼ਾਂ ਦੇ ਵਿਦੇਸ਼ ਮੰਤਰੀ ਨਿਊਯਾਰਕ 'ਚ ਦੋ-ਪੱਖੀ ਮੁਲਾਕਾਤ ਦੀ ਮੇਜ਼ ਤੇ ਤਾਂ ਨਹੀਂ ਪਰ ਦੁਪਹਿਰ ਭੋਜਨ ਸਮੇਂ ਰੂਬਰੂ ਜ਼ਰੂਰ ਹੋਣਗੇ। ਸੰਯੁਕਤ ਰਾਸ਼ਟਰ ਮਹਾਂਸਭਾ ਦੇ ਹਾਸ਼ੀਏ ਤੇ ਦੋਵੇਂ ਨੇਤਾਵਾਂ ਦਾ ਪਹਿਲਾ ਆਹਮਣਾ-ਸਾਹਮਣਾ 27 ਸਤੰਬਰ ਨੂੰ ਹੋਵੇਗਾ ਜਦੋਂ ਦੱਖਣੀ ਏਸ਼ੀਆਈ ਦੇਸ਼ਾਂ ਦੇ ਵਿਦੇਸ਼ ਮੰਤਰੀ ਨਿਰਧਾਰਤ ਰਵਾਇਤ ਮੁਤਾਬਕ ਮੁਲਾਕਾਤ ਕਰਨਗੇ
ਇਸ ਦਰਮਿਆਨ ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਤੇ ਪਾਕਿਸਤਾਨੀ ਵਿਦੇਸ਼ ਮੰਤਰੀ ਸ਼ਾਹ ਮੁਹੰਮਦ ਕੁਰੈਸ਼ੀ ਦੋਵੇਂ ਬੀਤੇ 48 ਘੰਟਿਆਂ ਤੋਂ ਨਿਊਯਾਰਕ 'ਚ ਹਨ। ਉਹ ਸੰਯੁਕਤ ਰਾਸ਼ਟਰ ਸੰਘ ਦੀਆਂ ਕਈ ਬੈਠਕਾਂ 'ਚ ਸ਼ਿਰਕਤ ਕਰ ਰਹੇ ਹਨ ਪਰ ਦੋਵੇਂ ਨੇਤਾਵਾਂ ਦਾ ਅਜੇ ਤੱਕ ਆਹਮਣਾ-ਸਾਹਮਣਾ ਨਹੀਂ ਹੋਇਆ।
ਭਾਰਤੀ ਉੱਚ ਅਧਿਕਾਰੀਆਂ ਮੁਤਾਬਕ ਨਿਊਯਾਰਕ ਦੇ ਵੈਸਿਟਨ ਹੋਟਲ 'ਚ ਸਾਰੇ ਸਾਰਕ ਮੁਲਕਾਂ ਦੇ ਵਿਦੇਸ਼ ਮੰਤਰੀ ਮੁਲਾਕਾਤ ਕਰਨਗੇ। ਇਹ ਅਣਅਧਿਕਾਰਤ ਬੈਠਕ ਹੈ ਇਸ ਲਈ ਇਸਦਾ ਕੋਈ ਏਜੰਡਾ ਨਹੀਂ ਹੈ। ਨੇਤਾ ਆਪਣੀ ਸੁਵਿਧਾ ਤੇ ਤਰਜੀਹ ਮੁਤਾਬਕ ਮੁੱਦੇ ਚੁੱਕ ਸਕਦੇ ਹਨ।
ਅੱਤਵਾਦ ਦੇ ਮੁੱਦੇ 'ਤੇ ਅਫਗਾਨਿਸਤਾਨ, ਬੰਗਲਾਦੇਸ਼ ਗਵਾਂਡੀਆਂ ਦੀ ਨਰਾਜ਼ਗੀ ਦੇ ਚੱਲਦਿਆਂ ਪਾਕਸਿਤਾਨ 2016 'ਚ ਸਾਰਕ ਦੀ ਮੇਜ਼ਬਾਨੀ ਨਹੀਂ ਕਰ ਸਕਿਆ ਸੀ। ਇਸ ਤੋਂ ਬਾਅਦ ਪਾਕਿਸਤਾਨ ਲਗਾਤਾਰ ਸਾਰਕ ਦੀ ਮੇਜ਼ਬਾਨੀ ਲਈ ਦਬਾਅ ਬਣਾ ਰਿਹਾ ਹੈ। ਉੱਥੇ ਹੀ ਭਾਰਤ ਇਹ ਸਪਸ਼ਟ ਕਰ ਚੁੱਕਾ ਹੈ ਕਿ ਫਿਲਹਾਲ ਅਜਿਹੀ ਖੇਤਰੀ ਬੈਠਕ ਲਈ ਮਾਹੌਲ ਠੀਕ ਨਹੀਂ ਹੈ।
ਪਾਕਸਿਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਨਾਂਅ ਲਿਖੀ ਚਿੱਠੀ 'ਚ ਵਿਦੇਸ਼ ਮੰਤਰੀਆਂ ਦੀ ਬੈਠਕ ਦਾ ਪ੍ਰਸਤਾਵ ਰੱਖਣ ਦੇ ਨਾਲ-ਨਾਲ ਸਾਰਕ ਸ਼ਿਖਰ ਸੰਮੇਲਨ ਇਸਲਾਮਾਬਾਦ ਕਰਵਾਏ ਜਾਣ ਦੀ ਗੱਲ ਕਹੀ ਸੀ।
ਭਾਰਤ ਨੇ ਪਹਿਲਾਂ ਪਹਿਲਾਂ ਵਿਦੇਸ਼ ਮੰਤਰੀਆਂ ਦੀ ਬੈਠਕ ਦਾ ਪ੍ਰਸਤਾਵ ਸਵੀਕਾਰ ਕਰ ਲਿਆ ਸੀ ਪਰ 24 ਘੰਟਿਆਂ ਦਰਮਿਆਨ ਭਾਰਤ ਦੀ ਹਾਂ ਨਾਂਹ 'ਚ ਬਦਲ ਗਈ। ਇਸਦੀ ਵਜ੍ਹਾ ਵੀ ਅੱਤਵਾਦ ਸੀ। ਖਾਸਤੌਰ ਤੇ ਪਾਕਿਸਤਾਨ 'ਚ ਜਿਸ ਤਰ੍ਹਾਂ ਬੁਰਹਾਨ ਵਾਨੀ ਜਿਹੇ ਅੱਤਵਾਦੀ 'ਤੇ ਡਾਕ ਟਿਕਟ ਜਾਰੀ ਕੀਤਾ ਗਿਆ। ਇਸ ਤੋਂ ਇਲਾਵਾ ਬੀਐਸਐਫ ਜਵਾਨ ਤੇ ਜੰਮੂ-ਕਸ਼ਮੀਰ 'ਚ ਪੁਲਿਸ ਦੇ ਤਿੰਨ ਕਰਮੀਆਂ ਦੀ ਹੱਤਿਆ ਦਾ ਹਵਾਲਾ ਦਿੰਦਿਆਂ ਨਿਊਯਾਰਕ 'ਚ ਹੋਣ ਵਾਲੀ ਵਾਰਤਾ ਰੱਦ ਕਰ ਦਿੱਤੀ ਗਈ।