ਨਵੀਂ ਦਿੱਲੀ: ਰਾਫੇਲ ਡੀਲ ਸਬੰਧੀ ਕਾਂਗਰਸ ਲਗਾਤਾਰ ਮੋਦੀ ਸਰਕਾਰ ’ਤੇ ਹਮਲੇ ਬੋਲ ਰਹੀ ਹੈ। ਸਰਕਾਰੀ ਸੂਤਰਾਂ ਤੋਂ ਮਿਲੀ ਖ਼ਬਰ ਮੁਤਾਬਕ ਸਰਰਕਾਰ ਨੇ ਜੁਆਇੰਟ ਪਾਰਲੀਮੈਂਟਰੀ ਕਮੇਟੀ (ਜੇਪੀਸੀ) ਤੋਂ ਰਾਫੇਲ ਡੀਲ ਦੀ ਜਾਂਚ ਕਰਾਉਣ ਤੋਂ ਸਾਫ ਇਨਕਾਰ ਕਰ ਦਿੱਤਾ ਹੈ। ਸੂਤਰਾਂ ਮੁਤਾਬਕ ਇਸ ਮਾਮਲੇ ’ਤੇ ਰੱਖਿਆ ਮੰਤਰੀ ਨਿਰਮਲਾ ਸੀਤਾਰਮਣ ਨੇ ਕਿਹਾ ਹੈ ਕਿ ਇਹ ਸਰਕਾਰ ਨੂੰ ਬਦਨਾਮ ਕਰਨ ਲਈ ਕਾਂਗਰਸ ਦੀ ਕੋਸ਼ਿਸ਼ ਹੈ ਤਿ ਇਸ ਵਿੱਚ ਕੌਮਾਂਤਰੀ ਦਖ਼ਲ ਵੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਬਦਨਾਮ ਕਰਨ ਦੀ ਇਸ ਕੋਸ਼ਿਸ਼ ਖ਼ਿਲਾਫ਼ ਦੇਸ਼ ਭਰ ਵਿੱਚ ਲੜਾਈ ਲੜੀ ਜਾਏਗੀ।

ਜ਼ਿਕਰਯੋਗ ਹੈ ਕਿ ਰਾਫੇਲ ਮਾਮਲੇ ਸਬੰਧੀ ਜੁਆਇੰਟ ਪਾਰਲੀਮੈਂਟਰੀ ਕਮੇਟੀ (ਜੇਪੀਸੀ) ਤੋਂ ਜਾਂਚ ਕਰਾਉਣ ਦੀ ਮੰਗ ਉੱਠ ਰਹੀ ਸੀ।ਉੱਧਰ ਇਸ ਮਾਮਲੇ ਸਬੰਧੀ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਇਸ਼ਾਰਿਆਂ ਇਸ਼ਾਰਿਆਂ ਵਿੱਚ  ਪ੍ਰਧਾਨ ਮੰਤਰੀ ਨੂੰ ‘ਕਮਾਂਡਰ ਇਨ ਥੀਫ’ ਕਹਿ ਗਏ ਹਨ। ਇਸਤੋਂ ਪਹਿਲਾਂ ਰਾਹੁਲ ਪੀਐਮ ਮੋਦੀ ਲਈ ‘ਚੋਰ’ ਵਰਗੇ ਸ਼ਬਦਾਂ ਦਾ ਇਸਤੇਮਾਲ ਕਰ ਚੁੱਕੇ ਹਨ।

ਸੂਤਰਾਂ ਮੁਤਾਬਕ ਨਿਰਮਲਾ ਸੀਤਾਰਮਣ ਨੇ ਕਿਹਾ ਕਿ ਐਚਏਐਲ ਨੂੰ ਯੂਪੀਏ ਸਰਕਾਰ ਨੇ 10 ਸਾਲਾਂ ਵਿੱਚ 10 ਹਜ਼ਾਰ ਕਰੋੜ ਦਿੱਤੇ ਹਨ, ਜਦਕਿ ਐਨਡੀਏ ਸਰਕਾਰ ਨੇ ਸਾਢੇ ਚਾਰ ਸਾਲਾਂ ਵਿੱਚ ਹਰ ਸਾਲ 22 ਹਜ਼ਾਰ 500 ਕਰੋੜ ਰੁਪਏ ਦਿੱਥੇ ਹਨ। ਉਨ੍ਹਾਂ ਕਿਹਾ ਕਿ ਐਨਏਐਲ ਸਾਡੀ ਤਾਕਤ ਹੈ।
ਜ਼ਿਕਰਯੋਗ ਹੈ ਕਿ ਉੱਥੋਂ ਦੇ ਮੀਡੀਆ ਮੁਤਾਬਕ ਫਰਾਂਸ ਦੇ ਸਾਬਕਾ ਰਾਸ਼ਟਰਪਤੀ ਓਲਾਂਦ ਨੇ ਕਿਹਾ ਸੀ ਕਿ ਰਾਫ਼ੇਲ ਸੌਦੇ ਲਈ ਭਾਰਤ ਸਰਕਾਰ ਨੇ ਅਨਿਲ ਅੰਬਾਨੀ ਦੀ ਰਿਲਾਇੰਸ ਕੰਪਨੀ ਦਾ ਨਾਂਅ ਹੀ ਪੇਸ਼ ਕੀਤਾ ਸੀ ਤੇ ਦਾਸੋ ਏਵੀਏਸ਼ਨ ਕੰਪਨੀ ਕੋਲ ਕੋਈ ਦੂਜਾ ਵਿਕਲਪ ਨਹੀਂ ਸੀ।