ਨਵੀਂ ਦਿੱਲੀ: ਰਾਫੇਲ ਸੌਦੇ ਦਾ ਵਿਵਾਦ ਦਿਨੋਂ-ਦਿਨ ਹੋਰ ਭਖਦਾ ਜਾ ਰਿਹਾ ਹੈ। ਇਸ ਮਾਮਲੇ ਵਿੱਚ ਕਾਂਗਰਸ ਨੇ ਹੁਣ ਕੇਂਦਰੀ ਵਿਜੀਲੈਂਸ ਕਮਿਸ਼ਨ (CVC) ਨੂੰ ਮੈਮੋਰੰਡਮ ਸੌਂਪ ਕੇ ਰਾਫੇਲ ਸੌਦੇ ਦੀ ਜਾਂਚ ਲਈ ਐਫਆਈਆਰ ਦਰਜ ਕਰਨ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਕਾਂਗਰਸ ਨੇ ਇਸ ਨਾਲ ਸਬੰਧਤ ਸਾਰੇ ਦਸਤਾਵੇਜ਼ ਵੀ ਜ਼ਬਤ ਕਰਨ ਦੀ ਮੰਗ ਕੀਤੀ ਹੈ।

ਜ਼ਿਕਰਯੋਗ ਹੈ ਕਿ ਕਾਂਗਰਸ ਦੀ ਇਸ ਮੰਗ ਤੋਂ ਪਹਿਲਾਂ ਸੁਪਰੀਮ ਕੋਰਟ ਦੇ ਵਕੀਲ ਪ੍ਰਸ਼ਾਂਤ ਭੂਸ਼ਣ ਨੇ ਵੀ ਇਸ ਮਾਮਲੇ ਦੀ ਜੁਆਇੰਟ ਪਾਰਲੀਮੈਂਟਰੀ ਕਮੇਟੀ (ਜੇਪੀਸੀ) ਤੋਂ ਜਾਂਚ ਕਰਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਹੈ ਕਿ ਰਾਫੇਲ ਸੌਦਾ ਭਾਰਤ ਵਿੱਚ ਸਭ ਤੋਂ ਵੱਡਾ ਰੱਖਿਆ ਘਪਲਾ ਹੈ। ਭੂਸ਼ਣ ਨੇ ਸਵਾਲ ਉਠਾਇਆ ਕਿ ਅਨਿਲ ਅੰਬਾਨੀ ਨੇ ਰਿਲਾਇੰਸ ਡਿਫੈਂਸ ਨੂੰ ਇਸ ਯੋਜਨਾ ਵਿੱਚ ਕਿਵੇਂ ਸ਼ਾਮਲ ਕੀਤਾ ਜਾ ਸਕਦਾ ਹੈ ਜੋ ਫਰਾਂਸੀਸੀ ਕੰਪਨੀ ਦਸਾਲਟ ਐਵੀਏਸ਼ਨ ਦੀ ਆਫਸੈਟ ਭਾਈਵਾਲ ਹੈ ਤੇ ਉਨ੍ਹਾਂ ਦੀਆਂ ਜ਼ਿਆਦਾਤਰ ਕੰਪਨੀਆਂ ਕਰਜ਼ੇ ਵਿੱਚ ਡੁੱਬੀਆਂ ਹਨ।

ਜ਼ਿਕਰਯੋਗ ਹੈ ਕਿ ਫਰਾਂਸ ਦੇ ਸਾਬਕਾ ਰਾਸ਼ਟਰਪਤੀ ਫਰਾਂਸਵਾ ਓਲਾਂਦ ਦੇ ਬਿਆਨ ਦੇ ਬਾਅਦ ਤੋਂ ਹੀ ਕਾਂਗਰਸ ਸਰਕਾਰ ’ਤੇ ਹਮਲਾਵਰ ਹੈ। ਹਾਲਾਂਕਿ ਸਰਕਾਰ ਨੇ ਰਾਫੇਲ ਡੀਲ ਵਿੱਚ ਕਿਸੇ ਵੀ ਤਰ੍ਹਾਂ ਦੀ ਘਪਲੇਬਾਜ਼ੀ ਤੋਂ ਇਨਕਾਰ ਕਰ ਦਿੱਤਾ ਹੈ। ਫਰਾਂਸ ਦੇ ਸਾਬਕਾ ਰਾਸ਼ਟਰਪਤੀ ਓਲਾਂਦ ਨੇ ਰਾਫੇਲ ਸੌਦੇ ਸਬੰਧੀ ਬਿਆਨ ਦਿੱਤਾ ਸੀ ਕਿ ਆਫਸੈਟ ਭਾਈਵਾਲ ਚੁਣਨ ਲਈ ਉਨ੍ਹਾਂ ਕੋਲ ਹੋਰ ਕੋਈ ਆਪਸ਼ਨ ਨਹੀਂ ਸੀ ਕਿਉਂਕਿ ਉਨ੍ਹਾਂ ਨੂੰ ਕੇਵਲ ਇੱਕ ਹੀ ਵਿਕਲਪ ਦਿੱਤਾ ਗਿਆ ਸੀ। ਉਨ੍ਹਾਂ ਦੇ ਇਸ ਬਿਆਨ ਨਾਲ ਦੇਸ਼ ਵਿੱਚ ਸਿਆਸਤ ਹੋਰ ਤੇਜ਼ ਹੋ ਗਈ ਹੈ। ਵਿਰੋਧੀ ਦਲ ਲਗਾਤਾਰ ਪੀਐਮ ਮੋਦੀ ’ਤੇ ਵਾਰ ਕਰ ਰਹੇ ਹਨ।