ਨਵੀਂ ਦਿੱਲੀ: 2019 ਵਿੱਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਲਈ ਸਿਆਸੀ ਪਾਰਟੀਆਂ ਨੇ ਕਮਰ ਕੱਸ ਲਈ ਹੈ। ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਆਪਣੀ ਸਥਿਤੀ ਮਜ਼ਬੂਤ ਬਣਾਉਣ ਲਈ 100 ਸੀਟਾਂ ਦਾ ਟਾਰਗੇਟ ਲੈ ਕੇ ਚੱਲ ਰਹੀ ਹੈ। ਇਨ੍ਹਾਂ ਸੀਟਾਂ ਵਿੱਚੋਂ ਪਾਰਟੀ ਘੱਟੋ-ਘੱਟ 25 ਸੀਟਾਂ ’ਤੇ ਜਿੱਤ ਹਾਸਲ ਕਰਨ ਲਈ ਜ਼ੋਰ ਲਾਏਗੀ। ਪਾਰਟੀ ਦੇ ਦੋ ਲੀਡਰਾਂ ਨੇ ਐਤਵਾਰ ਨੂੰ ਕਿਹਾ ਕਿ ਲੋਕ ਸਭਾ ਚੋਣਾਂ 2019 ਵਿੱਚ ਪਾਰਟੀ ਪੂਰੇ ਜ਼ੋਰ-ਸ਼ੋਰ ਨਾਲ ਮੈਦਾਨ ’ਚ ਉਤਰੇਗੀ। ਇਸ ਦੇ ਨਾਲ-ਨਾਲ ਆਮ ਚੋਣਾਂ ਲਈ ਵੀ ਪਾਰਟੀ ਦੀ ਰਣਨੀਤੀ ਸਾਹਮਣੇ ਆਈ ਹੈ।

ਪਾਰਟੀ ਲੀਡਰਾਂ ਨੇ ਦੱਸਿਆ ਕਿ ਉਨ੍ਹਾਂ ਦਾ ਧਿਆਨ ਜ਼ਿਆਦਾਤਰ ਉਨ੍ਹਾਂ ਸੀਟਾਂ ’ਤੇ ਹੋਏਗਾ, ਜਿੱਥੇ ਉਹ ਪਹਿਲਾਂ ਤੋਂ ਹੀ ਮਜ਼ਬੂਤ ਹਨ। ਜਿਵੇਂ ਦਿੱਲੀ ਦੇ ਨਾਲ-ਨਾਲ ਪੰਜਾਬ ਤੇ ਹਰਿਆਣਾ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਸਾਫ ਕੀਤਾ ਕੀਤਾ ਕਿ ਇਨ੍ਹਾਂ ਤਿੰਨਾਂ ਸੂਬਿਆਂ ਵਿੱਚੋਂ ਦੋ ਵਿੱਚ ਇਸ ਸਾਲ ਦੇ ਅਖ਼ੀਰ ਜਾਂ ਅਗਲੇ ਸਾਲ ਦੀ ਸ਼ੁਰੂਆਤ ਵਿੱਚ ਵਿਧਾਨ ਸਭਾ ਚੋਣਾਂ ਹੋਣਗੀਆਂ। ਇਸ ਦੇ ਨਾਲ-ਨਾਲ ਬਿਹਾਰ, ਉੱਤਰ ਪ੍ਰਦੇਸ਼ ਤੇ ਗੁਜਰਾਤ ਵਰਗੇ ਹੋਰ ਸੂਬਿਆਂ ਤੋਂ ਵੀ ਲੋਕ ਸਭਾ ਚੋਣਾਂ ਲੜਨ ਦੀ ਯੋਜਨਾ ਹੈ।

ਆਮ ਆਦਮੀ ਪਾਰਟੀ ਦੀ ਬਾਕੀ ਸੂਬਿਆਂ ਦੇ ਮੁਕਾਬਲੇ ਪੰਜਾਬ ਵਿੱਚ ਚੰਗੀ ਪਕੜ ਹੈ। ਪੰਜਾਬ ਵਿੱਚ 'ਆਪ' ਨੇ ਲੋਕ ਸਭਾ ਦੀਆਂ 4 ਸੀਟਾਂ ਜਿੱਤੀਆਂ ਹਨ। ਪੰਜਾਬ ਵਿੱਚ ਲੋਕ ਸਭਾ ਦੀਆਂ ਕੁੱਲ 13 ਸੀਟਾਂ ਹਨ। ਇਸ ਲਈ ਹੁਣ ਆਮ ਆਦਮੀ ਪਾਰਟੀ ਦੀ ਪੂਰੀ ਕੋਸ਼ਿਸ਼ ਹੈ ਕਿ ਕਿਸੇ ਤਰ੍ਹਾਂ ਪੰਜਾਬ ਵਿੱਚ ਖ਼ੁਦ ਨੂੰ ਮਜ਼ਬੂਤ ਕੀਤਾ ਜਾਏ। ਉਂਝ ਪਿਛਲੇ ਸਮੇਂ ਵਿੱਚ ਪਾਰਟੀ ਦੀ ਸਾਖ ਨੂੰ ਢਾਅ ਜ਼ਰੂਰ ਲੱਗੀ ਹੈ।

'ਆਪ' ਸੁਪਰੀਮੋ ਨੇ ਹਾਲ ਹੀ ਵਿੱਚ ਹਰਿਆਣਾ ਦੇ ਇਲਾਕਿਆਂ ਦਾ ਦੌਰਾ ਕੀਤਾ ਜਿੱਥੇ ਰਾਜ ਮੁਖੀ ਨਵਿਨ ਜੈਹਿੰਦ ਕਈ ਨਿਰਣਾਇਕ ਖੇਤਰਾਂ ਵਿੱਚ ਪਾਰਟੀ ਨੂੰ ਮਜ਼ਬੂਤ ਕਰਨ ਦੇ ਸਮਰਥ ਹਨ। ਉਨ੍ਹਾਂ ਕਿਹਾ ਕਿ ਹਰਿਆਣਾ ਦੀਆਂ ਸਾਰੀਆਂ 10 ਸੀਟਾਂ ਉੱਤੇ ਬੀਜੇਪੀ ਤੇ ਕਾਂਗਰਸ ਨੂੰ ਚੁਣੌਤੀ ਦਣ ਲਈ ਉਹ ਸਖ਼ਤ ਮਿਹਨਤ ਕਰਨਗੇ।