ਚੰਡੀਗੜ੍ਹ: ਗੁਜਰਾਤ ਦੀ ਫਾਰਮਾ ਕੰਪਨੀ ਸਟਰਲਿੰਗ ਬਾਇਓਟੈਕ ਦਾ ਮਾਲਕ ਨਿਤਿਨ ਜੈਯੰਤੀਲਾਲ ਸੰਦੇਸਰਾ ਤੇ ਉਸ ਦਾ ਪਰਿਵਾਰ ਯੂਏਈ ਤੋਂ ਫਰਾਰ ਹੋ ਚੁੱਕਾ ਹੈ। ਸੰਦੇਸਰਾ ਭਾਰਤੀ ਬੈਂਕਾਂ ਦਾ 5,383 ਰੁਪਏ ਦਾ ਕਰਜ਼ਦਾਰ ਹੈ। ਜਾਂਚ ਏਜੰਸੀਆਂ ਨੂੰ 15 ਅਗਸਤ ਨੂੰ ਯੂਏਈ ਵਿੱਚ ਸੰਦੇਸਰਾ ਨੂੰ ਹਿਰਾਸਤ ਵਿੱਚ ਲਏ ਜਾਣ ਦੀ ਜਾਣਕਾਰੀ ਮਿਲੀ ਸੀ। ਹੁਣ ਪਤਾ ਲੱਗਾ ਹੈ ਕਿ ਉਹ ਕਿਸੇ ਹੋਰ ਦੇਸ਼ ਫਰਾਰ ਹੋ ਗਿਆ ਹੈ। ਇਹ ਦੇਸ਼ ਨਾਈਜੀਰੀਆ ਹੋ ਸਕਦਾ ਹੈ ਕਿਉਂਕਿ ਨਾਈਜੀਰੀਆ ਨਾਲ ਭਾਰਤ ਦੀ ਹਵਾਲਗੀ ਸੰਧੀ ਨਹੀਂ।
ਬੈਂਕਾਂ ਨਾਲ ਧੋਖਾਧੜੀ ਦੇ ਮਾਮਲੇ ਦੀ ਜਾਂਚ ਕਰ ਰਹੇ ਅਧਿਕਾਰੀ ਮੁਤਾਬਕ ਸੰਦੇਸਰਾ ਦੀਆਂ ਯੂਕੇ ਤੇ ਨਾਈਜੀਰੀਆ ਵਿੱਚ ਕੰਪਨੀਆਂ ਹਨ। ਇਸ ਲਈ ਕਿਆਸ ਲਾਏ ਜਾ ਰਹੇ ਹਨ ਕਿ ਉਹ ਇਨ੍ਹਾਂ ਦੇਸ਼ਾਂ ਵਿੱਚ ਹੀ ਹੋ ਸਕਦਾ ਹੈ। ਸੀਬੀਆਈ ਨੇ ਏਜੰਸੀਆਂ ਨੂੰ ਨਿਤਿਨ ਖ਼ਿਲਾਫ਼ ਮਾਮਲੇ ਦੀ ਜਾਣਕਾਰੀ ਦਿੱਤੀ ਤੇ ਉਸ ਦੀ ਗ੍ਰਿਫ਼ਤਾਰੀ ਲਈ ਅਪੀਲ ਕੀਤੀ ਸੀ। ਈਡੀ ਨੇ ਵਿਦੇਸ਼ ਮੰਤਰਾਲੇ ਨੂੰ ਉਸ ਦੀ ਹਵਾਲਗੀ ਦੀ ਮੰਗ ਵੀ ਭੇਜੀ ਸੀ।
ਜਾਂਚ ਏਜੰਸੀਆਂ ਤੋਂ ਪਹਿਲਾਂ ਮਿਲੀ ਜਾਣਕਾਰੀ ਵਿੱਚ ਪਤਾ ਲੱਗਾ ਸੀ ਕਿ ਯੂਏਈ ਵਿੱਚ ਸੰਦੇਸਰਾ ਨੂੰ ਕਿਸੇ ਸਥਾਨਕ ਮਾਮਲੇ ਬਾਰੇ ਹਿਰਾਸਤ ਵਿੱਚ ਲਿਆ ਗਿਆ ਸੀ। ਭਾਰਤ ਸਬੰਧੀ ਮਾਮਲੇ ਬਾਰੇ ਅਜੇ ਕੋਈ ਕਾਰਵਾਈ ਨਹੀਂ ਹੋਈ। ਜਾਣਕਾਰੀ ਨਹੀਂ ਮਿਲ ਪਾਈ ਕਿ ਯੂਏਈ ਭਾਰਤ ਦੀ ਅਪੀਲ ’ਤੇ ਕਾਰਵਾਈ ਕਿਉਂ ਨਹੀਂ ਕਰ ਰਿਹਾ।
ਸੀਬੀਆਈ ਦੀ ਐਫਆਈਆਰ ਮੁਤਾਬਕ ਜ਼ਿਆਦਾ ਤੋਂ ਜ਼ਿਆਦਾ ਕਰਜ਼ਾ ਲੈਣ ਲਈ ਸਟਰਲਿੰਗ ਬਾਇਓਟੈਕ ਨੇ ਕੰਪਨੀ ਦੇ ਰਿਕਾਰਡ ਵਿੱਚ ਹੇਰ-ਫੇਰ ਕੀਤਾ। ਫਰਜ਼ੀ ਦਸਤਾਵੇਜ਼ ਤਿਆਰ ਕਰਾਏ ਤੇ ਬੈਲੈਂਸ ਸ਼ੀਟ ਵਿੱਚ ਕਈ ਗੜਬੜੀਆਂ ਕੀਤੀਆਂ। ਕੰਪਨੀ ਦਾ ਮਾਰਕਿਟ ਕੈਪ ਵੀ ਗ਼ਲਤ ਦੱਸਿਆ ਗਿਆ। ਟਰਨਓਵਰ ਤੇ ਟੈਕਸ ਭੁਗਤਾਨ ਦੇ ਅੰਕੜੇ ਵੀ ਵਧਾ-ਚੜ੍ਹਾ ਕੇ ਦੱਸੇ ਗਏ। ਸੰਦੇਸਰਾ ਭਰਾਵਾਂ ਨੇ ਦੁਬਈ ਤੇ ਭਾਰਤ ਵਿੱਚ 300 ਤੋਂ ਵੱਧ ਕੰਪਨੀਆਂ ਜ਼ਰੀਏ ਰਕਮ ਦੀ ਹੇਰ-ਫੇਰ ਕੀਤਾ।