ਨਵੀਂ ਦਿੱਲੀ: ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਅੱਜ ਇਕ ਵਾਰ ਫਿਰ ਵਧ ਗਈਆਂ ਹਨ। ਪਿਛਲੇ ਕਈ ਦਿਨਾਂ ਤੋਂ ਲਗਾਤਾਰ ਤੇਲ ਦੀਆਂ ਕੀਮਤਾਂ 'ਚ ਵਾਧਾ ਜਾਰੀ ਹੈ। ਮਹਿੰਗਾਈ ਦੀ ਮਾਰ ਦੇ ਚੱਲਦਿਆਂ ਬੀਜੇਪੀ ਮੰਤਰੀ ਨੇ ਬੇਤੁਕਾ ਬਿਆਨ ਦਿੱਤਾ ਹੈ ਕਿ ਲੋਕਾਂ ਨੂੰ ਦੇਸ਼ ਦੇ ਸਵੈਮਾਣ ਲਈ ਮਹਿੰਗਾਈ ਦੀ ਮਾਰ ਝੱਲਣੀ ਚਾਹੀਦੀ ਹੈ।


ਅੱਜ ਤੇਲ ਦੀਆਂ ਕੀਮਤਾਂ 'ਚ ਹੋਏ ਵਾਧੇ ਤਹਿਤ ਪੈਟਰੋਲ ਦੀ ਕੀਮਤ 'ਚ 11 ਪੈਸੇ ਪ੍ਰਤੀ ਲੀਟਰ ਦੇ ਹਿਸਾਬ ਨਾਲ ਵਾਧਾ ਕੀਤਾ ਗਿਆ। ਵਾਧੇ ਤੋਂ ਬਾਅਦ ਦਿੱਲੀ 'ਚ ਪੈਟਰੋਲ ਦੀ ਕੀਮਤ 82 ਰੁਪਏ 72 ਪੈਸੇ ਪ੍ਰਤੀ ਲੀਟਰ ਹੋ ਗਈ ਹੈ ਜਦਕਿ ਡੀਜ਼ਲ 74 ਰੁਪਏ 02 ਪੈਸੇ ਪ੍ਰਤੀ ਲੀਟਰ ਦੇ ਹਿਸਾਬ ਨਾਲ ਵਿਕ ਰਿਹਾ ਹੈ।


ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ 'ਚ ਪੈਟਰੋਲ ਦੀ ਕੀਮਤ ਸਭ ਤੋਂ ਵੱਧ ਪਠਾਨਕੋਟ 'ਚ 88 ਰੁਪਏ 99 ਪੈਸੇ ਫ਼ੀ ਲੀਟਰ ਹੈ ਜਦਕਿ ਲੁਧਿਆਣਾ 'ਚ 88 ਰੁਪਏ 57 ਪੈਸੇ ਪ੍ਰਤੀ ਲੀਟਰ ਦੇ ਹਿਸਾਬ ਨਾਲ ਪੈਟਰੋਲ ਵਿਕ ਰਿਹਾ ਹੈ। ਦੂਜੇ ਪਾਸੇ ਡੀਜ਼ਲ ਦਾ ਰੇਟ ਲੁਧਿਆਣਾ ਦੇ ਹਿਸਾਬ ਨਾਲ 74 ਰੁਪਏ 21 ਪੈਸੇ ਪ੍ਰਤੀ ਲੀਟਰ ਹੈ।


ਮੁੰਬਈ 'ਚ ਪੈਟਰੋਲ ਨੇ 90 ਰੁਪਏ ਦਾ ਅੰਕੜਾ ਪਾਰ ਕਰ ਲਿਆ ਹੈ। ਮੁੰਬਈ 'ਚ ਅੱਜ ਪੈਟਰੋਲ ਦੀ ਕੀਮਤ 90 ਰੁਪਏ 08 ਪੈਸੇ ਪ੍ਰਤੀ ਲੀਟਰ ਦੇ ਹਿਸਾਬ ਨਾਲ ਪਹੁੰਚ ਗਈ ਹੈ। ਡੀਜ਼ਲ ਦਾ ਭਾਅ 78 ਰੁਪਏ 58 ਪੈਸੇ ਪ੍ਰਤੀ ਲੀਟਰ ਹੋ ਗਿਆ ਹੈ।


ਮਹਿੰਗਾਈ 'ਤੇ ਯੂਪੀ ਸਰਕਾਰ ਦੇ ਮੰਤਰੀ ਦਾ ਬੇਤੁਕਾ ਬਿਆਨ:


ਦੇਸ਼ 'ਚ ਵਧਦੀ ਮਹਿੰਗਾਈ ਤੇ ਯੂਪੀ ਦੀ ਯੋਗੀ ਸਰਕਾਰ ਦੇ ਕੈਬਨਿਟ ਮੰਤਰੀ ਲਕਸ਼ਮੀ ਨਾਰਾਇਣ ਚੌਧਰੀ ਨੇ ਬੇਤੁਕਾ ਬਿਆਨ ਦਿੱਤਾ ਹੈ। ਮੰਤਰੀ ਦਾ ਕਹਿਣਾ ਹੈ ਕਿ ਜਨਤਾ ਨੂੰ ਦੇਸ਼ ਦੇ ਸਵੈ-ਮਾਣ ਲਈ ਮਹਿੰਗਾਈ ਦੀ ਮਾਰ ਨੂੰ ਝੱਲਦੇ ਰਹਿਣਾ ਚਾਹੀਦਾ ਹੈ। ਉਨ੍ਹਾਂ ਦਲੀਲ ਦਿੱਤੀ ਕਿ ਮਹਿੰਗਾਈ ਸਹਿ ਕੇ ਅਸੀਂ ਆਪਣਾ ਆਰਥਿਕ ਪੱਧਰ ਉਤਾਂਹ ਚੁੱਕ ਸਕਦੇ ਹਾਂ ਤੇ ਦੁਨੀਆਂ ਨੂੰ ਦਿਖਾ ਸਕਦੇ ਹਾਂ ਕਿ ਅਸੀਂ ਦੂਜੇ ਦੇਸ਼ਾਂ ਤੋਂ ਕੁਝ ਨਹੀਂ ਲੈਂਦੇ।