ਇਸਲਾਮਾਬਾਦ: ਪਾਕਿ ਮੀਡੀਆ ਰਿਪੋਰਟਾਂ ਵਿੱਚ ਬੁੱਧਵਾਰ ਨੂੰ ਦਾਅਵਾ ਕੀਤਾ ਗਿਆ ਹੈ ਕਿ ਭਾਰਤ ਸਰਕਾਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ ਪਾਕਿਸਤਾਨ ਨੂੰ ਏਅਰਸਪੇਸ ਖੋਲ੍ਹਣ ਦੀ ਅਪੀਲ ਕੀਤੀ ਹੈ। ਮੋਦੀ 22 ਸਤੰਬਰ ਨੂੰ ਅਮਰੀਕਾ ਦੇ ਹਿਊਸਟਨ ਜਾਣਗੇ ਜਿੱਥੇ ‘ਹਾਓਡੀ ਮੋਦੀ’ ਸਮਾਗਮ ‘ਚ ਹਿੱਸਾ ਲੈਣਗੇ। ਇਸ ਮਾਮਲੇ ‘ਤੇ ਪਾਕਿ ਦੀ ਇਮਰਾਨ ਸਰਕਾਰ ਵਿਚਾਰ-ਵਟਾਂਦਰਾ ਕਰਨ ਤੋਂ ਬਾਅਦ ਫੈਸਲਾ ਲਵੇਗੀ।
‘ਹਾਓਡੀ ਮੋਦੀ’ ਸਮਾਗਮ ‘ਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਨਰਿੰਦਰ ਮੋਦੀ ਇਕੱਠੇ ਹਿੱਸਾ ਲੈਣਗੇ। ਇਹ ਪਹਿਲਾ ਮੌਕਾ ਹੈ ਜਦੋਂ ਕੋਈ ਅਮਰੀਕੀ ਰਾਸ਼ਟਰਪਤੀ ਭਾਰਤੀ ਭਾਈਚਾਰੇ ਦੇ ਸਮਾਗਮ ‘ਚ ਸ਼ਾਮਲ ਹੋਵੇਗਾ ਜਿੱਥੇ ਭਾਰਤੀ ਪ੍ਰਧਾਨ ਮੰਤਰੀ ਸੰਬੋਧਨ ਕਰਨ ਵਾਲੇ ਹਨ।
ਹਾਲ ਹੀ ‘ਚ ਪਾਕਿ ਨੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੇ ਜਹਾਜ਼ ਨੂੰ ਆਪਣੇ ਹਵਾਈ ਖੇਤਰ ਵਿੱਚੋਂ ਲੰਘਣ ਦੀ ਇਜਾਜ਼ਤ ਨਹੀਂ ਦਿੱਤੀ ਸੀ। ਪਾਕਿ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਨੇ ਕਿਹਾ ਸੀ ਕਿ ਕਸ਼ਮੀਰ ਦੇ ਮੌਜੂਦਾ ਹਾਲਾਤ ਵੱਲ ਗੌਰ ਕਰਦੇ ਹੋਏ ਪਾਕਿ ਨੇ ਭਾਰਤ ਲਈ ਏਅਰਸਪੇਸ ਨੂੰ ਬੰਦ ਰੱਖਣ ਦਾ ਫੈਸਲਾ ਕੀਤਾ ਹੈ।
ਭਾਰਤੀ ਵਿਦੇਸ਼ ਮੰਤਰਾਲਾ ਦੇ ਬੁਲਾਰੇ ਰਵੀਸ਼ ਕੁਮਾਰ ਨੇ ਇਸ ‘ਤੇ ਕਿਹਾ ਸੀ, “ਵੀਵੀਆਈਪੀ ਸਪੈਸ਼ਲ ਫਲਾਈਟ ਨੂੰ ਕਲੀਅਰੈਂਸ ਦੇਣ ਦੇ ਪਾਕਿ ਦੇ ਫੈਸਲੇ ‘ਤੇ ਸਾਨੂੰ ਅਫਸੋਸ ਹੈ। ਜਦਕਿ ਇੱਕ ਆਮ ਦੇਸ਼ ਵੱਲੋਂ ਇਸ ਤਰ੍ਹਾਂ ਦੀ ਕਲੀਅਰੈਂਸ ਆਮ ਤੌਰ ‘ਤੇ ਦਿੱਤੀ ਜਾਂਦੀ ਹੈ।”
ਭਾਰਤ ਨੇ ਪਾਕਿਸਤਾਨ ਤੋਂ ਮੰਗਿਆ ਮੋਦੀ ਲਈ ਰਾਹ, ਮੀਡੀਆ ਦਾ ਦਾਅਵਾ
ਏਬੀਪੀ ਸਾਂਝਾ Updated at: 18 Sep 2019 04:44 PM (IST)