ਨਵੀਂ ਦਿੱਲੀ: ਭਾਰਤੀ ਹਵਾਈ ਫੌਜ ਨੂੰ ਆਪਣਾ ਪਹਿਲਾ ਅਪਾਚੇ ਲੜਾਕੂ ਹੈਲੀਕਾਪਟਰ ਮਿਲ ਗਿਆ ਹੈ। ਅਮਰੀਕੀ ਸ਼ਹਿਰ ਐਰੀਜ਼ੋਨਾ ਵਿੱਚ ਸ਼ੁੱਕਰਵਾਰ ਨੂੰ ਇੱਕ ਪ੍ਰੋਗਰਮ ਵਿੱਚ ਹਵਾਈ ਫੌਜ ਦੇ ਅਧਿਕਾਰੀਆਂ ਨੇ ਇਸ ਨੂੰ ਫੌਜ ਵਿੱਚ ਸ਼ਾਮਲ ਕੀਤਾ। ਇਸ ਹੈਲੀਕਾਪਟਰ ਦਾ ਨਿਰਮਾਣ ਬੋਇੰਗ ਵਿੱਚ ਹੋਇਆ ਹੈ। ਦੱਸ ਦੇਈਏ ਭਾਰਤ ਨੇ ਸਾਲ 2015 ਵਿੱਚ ਅਮਰੀਕਾ ਨਾਲ 22 ਅਪਾਚੇ ਹੈਲੀਕਾਪਟਰਾਂ ਦੀ ਡੀਲ ਕੀਤੀ ਸੀ।

ਅਪਾਚੇ ਹੈਲੀਕਾਪਟਰ ਦੁਸ਼ਮਣਾਂ 'ਤੇ ਸਟੀਕ ਨਿਸ਼ਾਨਾ ਲਾਉਣ ਦੇ ਨਾਲ-ਨਾਲ ਹਮਲਾ ਕਰਨ ਵਿੱਚ ਵੀ ਸਮਰਥ ਹੈ। ਇਸ ਦੀ ਮਦਦ ਨਾਲ ਜ਼ਮੀਨ 'ਤੇ ਹੋ ਰਹੀ ਕਾਰਵਾਈ ਦੀ ਫੋਟੋ ਵੀ ਲਈ ਜਾ ਸਕਦੀ ਹੈ। ਹੁਣ ਇਸ ਏਐਚ-64ਈ (ਆਈ) ਹੈਲੀਕਾਪਟਰ ਨੂੰ ਸਮੁੰਦਰੀ ਮਾਰਗ ਜ਼ਰੀਏ ਜੁਲਾਈ ਵਿੱਚ ਭਾਰਤ ਲਿਆਂਦਾ ਜਾਏਗਾ। ਇਸ ਨੂੰ ਭਾਰਤੀ ਫੌਜ ਦੀਆਂ ਜ਼ਰੂਰਤਾਂ ਦੇ ਹਿਸਾਬ ਨਾਲ ਬਣਾਇਆ ਗਿਆ ਹੈ।

ਇਸ ਹੈਲੀਕਾਪਟਰ ਨੂੰ ਚਲਾਉਣ ਤੇ ਇਸ ਦੀ ਜਾਣਕਾਰੀ ਹਾਸਲ ਕਰਨ ਲਈ ਭਾਰਤੀ ਫੌਜ ਦੇ ਕੁਝ ਚੁਣੇ ਹੋਏ ਅਧਿਕਾਰੀਆਂ ਨੂੰ ਯੂਐਸ ਆਰਮੀ ਬੇਸ ਵਿੱਚ ਸਿਖਲਾਈ ਦਿੱਤੀ ਗਈ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਹੈਲੀਕਾਪਟਰ ਦੇ ਸ਼ਾਮਲ ਹੋਣ ਨਾਲ ਫੌਜ ਦੀ ਸ਼ਕਤੀ ਵਧੇਗੀ। ਸਭ ਤੋਂ ਖ਼ਾਸ ਗੱਲ ਇਹ ਹੈ ਕਿ ਪਹਾੜੀ ਇਲਾਕੇ ਵਿੱਚ ਇਹ ਫੌਲਾਦੀ ਇਰਾਦੇ ਦੇ ਨਾਲ-ਨਾਲ ਅਸਮਾਨ ਵਿੱਚ ਚੱਕਰ ਲਾਏਗਾ।