ਨਵੀਂ ਦਿੱਲੀ: ਕਾਂਗਰਸ ਲੀਡਰ ਸੈਮ ਪਿਤ੍ਰੋਦਾ ਨੇ 1984 ਵਿੱਚ ਹੋਏ ਸਿੱਖ ਕਤਲੇਆਮ ਸਬੰਧੀ ਦਿੱਤੇ ਆਪਣੇ ਬਿਆਨ ਤੋਂ ਮੁਆਫ਼ੀ ਮੰਗ ਲਈ ਹੈ। ਉਨ੍ਹਾਂ ਕਿਹਾ, 'ਮੈਂ ਜੋ ਬਿਆਨ ਦਿੱਤਾ ਸੀ, ਉਸ ਨੂੰ ਪੂਰੇ ਤਰੀਕੇ ਨਾਲ ਤੋੜ ਮਰੋੜ ਕੇ ਪੇਸ਼ ਕੀਤਾ ਗਿਆ। ਮੇਰੀ ਹਿੰਦੀ ਚੰਗੀ ਨਹੀਂ ਹੈ, ਇਸ ਨੂੰ ਦੂਸਰੇ ਸੰਦਰਭ ਵਿੱਚ ਲਿਆ ਗਿਆ। ਮੇਰੇ ਕਹਿਣ ਦਾ ਮਤਲਬ ਸੀ, ਜੋ ਹੋਇਆ ਉਹ ਬੁਰਾ ਹੋਇਆ, ਪਰ ਮੈਂ ਬੁਰੇ ਦਾ ਅਨੁਵਾਦ ਨਹੀਂ ਕਰ ਸਕਿਆ।'


ਸੈਮ ਪਿਤ੍ਰੋਦਾ ਨੇ ਕਿਹਾ ਕਿ ਉਨ੍ਹਾਂ ਦਾ ਮਤਲਬ ਸੀ ਅੱਗੇ ਵਧੋ। ਸਾਡੇ ਕੋਲ ਹੋਰ ਬਹੁਤ ਸਾਰੇ ਮੁੱਦੇ ਹਨ, ਜਿਨ੍ਹਾਂ 'ਤੇ ਗੱਲ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਦੁੱਖ਼ ਹੋਇਆ ਕਿ ਉਨ੍ਹਾਂ ਦਾ ਬਿਆਨ ਗ਼ਲਤ ਤਰੀਕੇ ਨਾਲ ਪੇਸ਼ ਕੀਤਾ ਗਿਆ। ਇਸ ਲਈ ਉਨ੍ਹਾਂ ਮੁਆਫ਼ੀ ਮੰਗੀ।

ਉੱਧਰ ਕਾਂਗਰਸ ਨੇ ਵੀ ਆਪਣੇ ਸੀਨੀਅਰ ਨੇਤਾ ਸੈਮ ਪਿਤ੍ਰੋਦਾ ਦੇ ਬਿਆਨ ਤੋਂ ਪਾਰਟੀ ਨੂੰ ਵੱਖ ਕਰ ਲਿਆ। ਕਾਂਗਰਸ ਨੇ ਕਿਹਾ ਹੈ ਕਿ ਸੈਮ ਦਾ ਬਿਆਨ ਉਨ੍ਹਾਂ ਦਾ ਨਿੱਜੀ ਵਿਚਾਰ ਹੋ ਸਕਦਾ ਹੈ। ਪਾਰਟੀ ਨੇ ਪ੍ਰੈੱਸ ਬਿਆਨ ਜਾਰੀ ਕਰ ਕਿਹਾ ਕਿ ਉਹ 1984 ਦੰਗਾ ਪੀੜਤਾਂ ਨੂੰ ਨਿਆਂ ਦਿਵਾਉਣ 'ਚ ਆਪਣਾ ਯੋਗਦਾਨ ਪਾਉਣ ਲਈ ਵਚਨਬੱਧ ਹੈ। 1984 ਦੰਗਾ ਪੀੜਤਾਂ ਦੇ ਨਾਲ-ਨਾਲ 2002 ਦੇ ਗੁਜਰਾਤ ਦੰਗਿਆਂ ਦਾ ਵੀ ਇਨਸਾਫ ਮਿਲੇ। ਕਾਂਗਰਸ ਨੇ ਕਿਹਾ ਕਿ ਸਾਰੇ ਲੀਡਰ ਥੋੜ੍ਹਾ ਸੰਵੇਦਨਸ਼ੀਲ ਹੋਣ ਤੇ ਸਾਵਧਾਨੀ ਵਰਤਣ।

ਦਰਅਸਲ ਸੈਮ ਪਿਤ੍ਰੋਦਾ ਨੇ ਵੀਰਵਾਰ ਨੂੰ ਕਿਹਾ ਸੀ, 'ਹੁਣ ਕੀ ਹੈ 84 ਦਾ? ਤੁਸੀਂ (ਪੀਐਮ ਮੋਦੀ) ਪੰਜ ਸਾਲਾਂ ਵਿੱਚ ਕੀ ਕੀਤਾ, ਉਸ ਦੀ ਗੱਲ ਕਰੋ। 84 ਵਿੱਚ ਜੋ ਹੋਇਆ, ਉਹ ਹੋਇਆ।' ਪਿਤ੍ਰੋਦਾ ਦੇ ਇਸ ਬਿਆਨ ਤੋਂ ਬਾਅਦ ਬੀਜੇਪੀ ਨੇ ਕਾਂਗਰਸ ਨੂੰ ਨਿਸ਼ਾਨੇ 'ਤੇ ਲੈ ਲਿਆ ਸੀ। ਦੇਸ਼ ਵਿੱਚ ਕਈ ਥਾਈਂ ਸੈਮ ਪਿਤ੍ਰੋਦਾ ਦਾ ਵਿਰੋਧ ਕੀਤਾ ਗਿਆ। ਖ਼ਾਸਕਰ ਪੀਐਮ ਮੋਦੀ ਨੇ ਕੱਲ੍ਹ ਦਿੱਲੀ ਦੀ ਰੈਲੀ ਵਿੱਚ ਕਾਂਗਰਸ ਨੂੰ ਖ਼ੂਬ ਘੇਰਿਆ।