ਨਵੀਂ ਦਿੱਲੀ : ਭਾਰਤੀ ਸੈਨਾ ਵੱਲੋਂ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਸਰਜੀਕਲ ਸਟ੍ਰਾਈਕ ਦੇ ਬਾਰੇ ਵਿੱਚ ਨਿੱਤ ਨਵੇਂ-ਨਵੇਂ ਖ਼ੁਲਾਸੇ ਹੋ ਰਹੇ ਹਨ। ਅੰਗਰੇਜ਼ੀ ਅਖ਼ਬਾਰ 'ਦਾ ਹਿੰਦੂ' ਨੇ ਹੁਣ ਖ਼ੁਲਾਸਾ ਕੀਤਾ ਹੈ ਕਿ ਭਾਰਤੀ ਸੈਨਾ ਨੇ ਜੁਲਾਈ 2011 ਵਿੱਚ ਐਲ ਓ ਸੀ ਪਾਰ ਕਰ ਕੇ ਜਿੰਜਰ ਵਿੱਚ ਪਾਕਿਸਤਾਨ ਸੈਨਿਕਾਂ ਨੂੰ ਸਬਕ ਸਿਖਾਇਆ ਸੀ। "ਅਪਰੇਸ਼ਨ ਜਿੰਜਰ" ਪਾਕਿਸਤਾਨ ਸੈਨਾ ਦੀ ਉਸ ਕਾਰਵਾਈ ਦੇ ਜਵਾਬ ਵਿੱਚ ਕੀਤਾ ਗਿਆ ਸੀ ਜਿਸ ਵਿੱਚ 6 ਭਾਰਤੀ ਸੈਨਿਕ ਸ਼ਹੀਦ ਹੋਏ ਸਨ।
ਇਸੀ ਗੱਲ ਦਾ ਬਦਲਾ ਲੈਣ ਲਈ ਭਾਰਤੀ ਸੈਨਾ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਗਈ ਅਤੇ 8 ਪਾਕਿਸਤਾਨ ਸੈਨਿਕ ਨੂੰ ਮਾਰ ਸੁੱਟਿਆ। ਵਾਪਸੀ ਸਮੇਂ ਭਾਰਤੀ ਸੈਨਿਕ ਤਿੰਨ ਪਾਕਿਸਤਾਨੀ ਸੈਨਿਕਾਂ ਦੇ ਸਿਰ ਵੀ ਆਪਣੇ ਨਾਲ ਲੈ ਕੇ ਆਏ ਸਨ। ਅਖ਼ਬਾਰ ਨੇ 2011 ਵਿੱਚ ਹੋਏ ਸਰਜੀਕਲ ਸਟ੍ਰਾਈਕ ਦੇ ਪੁਖ਼ਤਾ ਸਬੂਤ ਹੋਣ ਦਾ ਦਾਅਵਾ ਕੀਤਾ ਹੈ। ਅਖ਼ਬਾਰ ਅਨੁਸਾਰ ਭਾਰਤੀ ਸੈਨਿਕਾਂ ਨੇ ਪੀ ਓ ਕੇ ਵਿੱਚ ਇਸ ਅਪਰੇਸ਼ਨ ਨੂੰ 48 ਘੰਟਿਆਂ ਵਿੱਚ ਅੰਜਾਮ ਦਿੱਤਾ ਸੀ। ਰਿਪੋਰਟ ਅਨੁਸਾਰ ਭਾਰਤੀ ਸੈਨਿਕਾਂ ਨੇ ਪੀ ਓ ਕੇ ਵਿੱਚ ਪਾਕਿਸਤਾਨੀ ਦੀ ਪੁਲਿਸ ਚੌਂਕੀ ਨੇੜੇ ਬਾਰੂਦੀ ਸੁਰੰਗ ਵੀ ਵਿਛਾਈ ਸੀ।


ਅਖ਼ਬਾਰ ਦੇ ਅਨੁਸਾਰ ਕੁਪਵਾੜਾ ਬੇਸ ਦੀ 28 ਡਿਵੀਜ਼ਨ ਦੇ ਮੁਖੀ ਰਹੇ ਸੇਵਾ ਮੁਕਤ ਮੇਜਰ ਜਨਰਲ ਐ ਕੇ ਚੱਕਰਵਰਤੀ ਨੇ ਇਸ ਹਮਲੇ ਦੀ ਯੋਜਨਾ ਅਤੇ ਅੰਜਾਮ ਦਿੱਤਾ ਸੀ। ਸੇਵਾ ਮੁਕਤ ਮੇਜਰ ਜਨਰਲ ਨੇ ਸੈਨਾ ਦੀ ਇਸ ਕਾਰਵਾਈ ਦੀ ਪੁਸ਼ਟੀ ਕੀਤੀ ਹੈ ਪਰ ਉਹਨਾਂ  ਇਸ ਸਬੰਧੀ ਹੋਰ ਜਾਣਕਾਰੀ ਦੇਣ ਤੋਂ ਇਨਕਾਰ ਕੀਤਾ ਹੈ। ਅਖ਼ਬਾਰ ਦੀ ਰਿਪੋਰਟਰ ਵਿਜੇਤਾ ਸਿੰਘ ਨੇ ਦੱਸਿਆ ਕਿ ਉਹ ਨਹੀਂ ਜਾਣਦੀ ਸੈਨਾ ਵੱਲੋਂ ਕੀਤੇ ਗਏ ਸਰਜੀਕਲ ਸਟ੍ਰਾਈਕ ਨੂੰ ਇਸ ਵਾਰ ਕਿਉਂ ਜਨਤਕ ਕੀਤਾ ਗਿਆ ਪਰ ਭਾਰਤੀ ਸੈਨਾ ਨੇ 2011 ਵਿੱਚ ਅਪ੍ਰੇਸ਼ਨ ਜਿੰਜਰ ਨੂੰ ਅੰਜਾਮ ਦਿੰਦੇ ਹੋਏ 6 ਪਾਕਿਸਤਾਨੀ ਸੈਨਿਕਾਂ ਦਾ ਬਦਲਾ ਲਿਆ ਸੀ।
ਸੈਨਾ ਦੇ ਇਸ ਅਪਰੇਸ਼ਨ ਨੂੰ ਬੇਹੱਦ ਗੁਪਤ ਰੱਖਿਆ ਗਿਆ ਸੀ। ਅਪ੍ਰੇਸ਼ਨ ਤੋਂ ਪਹਿਲਾਂ ਭਾਰਤੀ ਸੈਨਾ ਨੇ ਸੱਤ ਵਾਰ ਰੇਕੀ ਕੀਤੀ ਸੀ ਇਸ ਤੋਂ ਬਾਅਦ ਹੀ ਇਸ ਨੂੰ ਅੰਜਾਮ ਦਿੱਤਾ ਗਿਆ। ਅਖ਼ਬਾਰ ਅਨੁਸਾਰ ਅਪਰੇਸ਼ਨ ਦੌਰਾਨ ਇੱਕ ਭਾਰਤੀ ਸੈਨਿਕ ਜ਼ਖਮੀ ਵੀ ਹੋ ਗਿਆ ਸੀ। ਅਖ਼ਬਾਰ ਅਨੁਸਾਰ ਇਹ ਅਪਰੇਸ਼ਨ ਈਦ ਤੋਂ ਇੱਕ ਦਿਨ ਪਹਿਲਾਂ ਰੱਖਿਆ ਗਿਆ ਸੀ ਕਿਉਂਕਿ ਪਾਕਿਸਤਾਨ ਨੂੰ ਅਜਿਹੇ ਵਕਤ ਹਮਲੇ ਦੀ ਉਮੀਦ ਨਹੀਂ ਹੁੰਦੀ।