ਕਸ਼ਮੀਰ ਦੀ ਦਹਿਸ਼ਤ ਪਿੱਛੇ ਪਾਕਿ ਦਾ ਹੱਥ
ਏਬੀਪੀ ਸਾਂਝਾ | 08 Oct 2016 06:58 PM (IST)
ਸ੍ਰੀਨਗਰ : ਕਸ਼ਮੀਰ ਦੇ ਨੌਗਾਮ ਸੈਕਟਰ ਵਿੱਚ ਮਾਰੇ ਗਏ ਦਹਿਸ਼ਤਗਰਦਾਂ ਤੋਂ ਪਾਕਿਸਤਾਨ ਦੀ ਹਥਿਆਰ ਫੈਕਟਰੀ ਵਿੱਚ ਬਣੇ ਹੋਏ ਹਥਿਆਰ ਬਰਾਮਦ ਹੋਏ ਹਨ। ਭਾਰਤੀ ਸੈਨਾ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ। ਸੈਨਾ ਨੇ ਨੌਗਾਮ ਵਿੱਚ ਘੁਸਪੈਠ ਕਰ ਕੇ ਆਏ ਚਾਰ ਦਹਿਸ਼ਤਗਰਦਾਂ ਨੂੰ ਖ਼ਤਮ ਕਰ ਕੀਤਾ ਸੀ। ਮੀਡੀਆ ਰਿਪੋਰਟ ਦੇ ਅਨੁਸਾਰ ਜੋ ਹਥਿਆਰ ਦਹਿਸ਼ਤਗਰਦਾਂ ਤੋਂ ਬਰਾਮਦ ਹੋਏ ਹਨ ਉਨ੍ਹਾਂ ਉੱਤੇ ARGES 84 ਪਾਕਿਸਤਾਨ ਦੀ ਹਥਿਆਰ ਤਿਆਰ ਕਰਨ ਵਾਲੀ ਕੰਪਨੀ ਦੀ ਮੋਹਰ ਲੱਗੀ ਹੋਈ ਹੈ। ਸੈਨਾ ਨੇ ਮਾਰੇ ਗਏ ਦਹਿਸ਼ਤਗਰਦਾਂ ਤੋਂ ਭਾਰੀ ਮਾਤਰਾ ਵਿੱਚ ਹਥਿਆਰ ਅਤੇ ਹੋਰ ਸਮਾਨ ਬਰਾਮਦ ਕੀਤਾ ਸੀ। ਸੈਨਾ ਅਨੁਸਾਰ ਦਹਿਸ਼ਤਗਰਦਾਂ ਕੋਲੋਂ ਪਾਕਿਸਤਾਨ ਦੀਆਂ ਬਣੀਆਂ ਹੋਈਆਂ ਦਵਾਈਆਂ ਵੀ ਬਰਾਮਦ ਹੋਈਆਂ ਹਨ। ਯਾਦ ਰਹੇ ਕਿ 6 ਅਕਤੂਬਰ ਨੂੰ ਕੁਪਵਾੜਾ ਦੇ ਕੈਂਪ ਵਿੱਚ ਹਮਲਾ ਕਰਨ ਵਾਲੇ ਦਹਿਸ਼ਤਗਰਦਾਂ ਤੋਂ ਵੀ ਪਾਕਿਸਤਾਨ ਵਿੱਚ ਤਿਆਰ ਹੋਣ ਵਾਲਾ ਸਮਾਨ ਬਰਾਮਦ ਹੋਇਆ ਸੀ।