ਨਵੀਂ ਦਿੱਲੀ: ਭਾਰਤੀ ਫੌਜ ਪਾਕਿਸਤਾਨ ਨਾਲ ਜੁੜੀ ਸਰਹੱਦ 'ਤੇ ਨਵੇਂ ਇੰਟੀਗ੍ਰੇਟਿਡ ਬੈਟਲ ਗਰੁੱਪ (ਆਈਬੀਜੀ/ਵਾਰ ਗਰੁੱਪ) ਬਣਾਏਗੀ। ਇਨ੍ਹਾਂ ਦਾ ਮਕਸਦ ਜੰਗ ਦੌਰਾਨ ਫੌਜ ਦੀ ਸਮਰਥਾ ਨੂੰ ਹੋਰ ਜ਼ਿਆਦਾ ਮਜ਼ਬੂਤੀ ਦੇਣਾ ਹੈ। ਯੋਜਨਾ ਮੁਤਾਬਕ ਅਕਤੂਬਰ ਤਕ ਇਹ ਪ੍ਰਕਿਰਿਆ ਪੂਰੀ ਕਰ ਲਈ ਜਾਏਗੀ। ਇਸ ਦੇ ਬਾਅਦ ਚੀਨੀ ਸਰਹੱਦ 'ਤੇ ਵੀ ਵਾਰ ਗਰੁੱਪ ਬਣਾਏ ਜਾਣਗੇ।


ਫੌਜ ਦੇ ਸੂਤਰਾਂ ਮੁਤਾਬਕ ਪੱਛਮੀ ਕਮਾਂਡ ਵਿੱਚ ਵਾਰ ਗਰੁੱਪ ਦੀ ਸਮਰਥਾ ਜਾਂਚਣ ਲਈ ਅਭਿਆਸ ਕੀਤਾ ਗਿਆ ਸੀ। ਇਸ ਸਬੰਧੀ ਫੌਜ ਦੇ ਉੱਚ ਅਧਿਕਾਰੀਆਂ ਦਾ ਫੀਡਬੈਕ ਵਧੀਆ ਰਿਹਾ। ਇਸੇ ਕਰਕੇ ਜਲਦ ਹੀ 2 ਤੋਂ 3 ਵਾਰ ਗਰੁੱਪ ਦਾ ਨਿਰਮਾਣ ਕੀਤਾ ਜਾਏਗਾ।

ਆਈਬੀਜੀ ਲਈ ਦੋ ਤਰ੍ਹਾਂ ਦਾ ਪ੍ਰੀਖਣ ਕੀਤਾ ਗਿਆ ਸੀ। ਇੱਕ ਸਮੂਹ ਨੂੰ ਹਮਲੇ ਦੌਰਾਨ ਸਰਹੱਦ 'ਤੇ ਹੋਣ ਵਾਲੀਆਂ ਗਤੀਵਿਧੀਆਂ ਦੇ ਇਲਾਵਾ ਜੰਗ ਨਾਲ ਸਬੰਧਤ ਕੰਮਾਂ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ ਜਦਕਿ ਦੂਜੇ ਨੂੰ ਦੁਸ਼ਮਣ ਦੇ ਹਮਲੇ ਦਾ ਸਾਹਮਣਾ ਕਰਨ ਦਾ ਜ਼ਿੰਮਾ ਦਿੱਤਾ ਗਿਆ ਸੀ। ਇਸ ਅਭਿਆਸ ਵਿੱਚ ਬ੍ਰਿਗੇਡ ਦੀ ਬਜਾਏ ਆਈਬੀਜੀ ਦਾ ਇਸਤੇਮਾਲ ਕੀਤਾ ਗਿਆ ਸੀ।

ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਬ੍ਰਿਗੇਡ ਵਿੱਚ 3-4 ਯੂਨਿਟ ਹੁੰਦੀਆਂ ਹਨ। ਹਰ ਯੂਨਿਟ ਵਿੱਚ ਕਰੀਬ 800 ਜਵਾਨ ਹੁੰਦੇ ਹਨ। ਆਈਬੀਜੀ ਦੀ ਯੋਜਨਾ ਦੇ ਮੁਤਾਬਕ ਇਸ ਨੂੰ ਮੇਜਰ ਜਨਰਲ ਰੈਂਕ ਦਾ ਅਫ਼ਸਰ ਲੀਡ ਕਰੇਗਾ। ਹਰ ਆਈਬੀਜੀ ਵਿੱਚ 5 ਹਜ਼ਾਰ ਜਵਾਨ ਸ਼ਾਮਲ ਹੋਣਗੇ। ਮੰਨਿਆ ਜਾ ਰਿਹਾ ਹੈ ਕਿ ਆਈਬੀਜੀ ਫੌਜ ਲਈ ਗੇਮ ਚੇਂਜਰ ਸਾਬਤ ਹੋਏਗਾ।