ਨਵੀਂ ਦਿੱਲੀ: ਕੋਰੋਨਾ ਵੈਕਸੀਨ ਨੂੰ ਲੈਕੇ ਇਕ ਵੱਡੀ ਖ਼ਬਰ ਭਾਰਤ ਬਾਇਓਟੈਕ ਕੰਪਨੀ ਨੇ ਸਾਂਝੀ ਕੀਤੀ ਹੈ। ਕੰਪਨੀ ਨੇ ਦਾਅਵਾ ਕੀਤਾ ਹੈ ਕਿ ਵੈਕਸੀਨ ਦੇ ਪਹਿਲੇ ਤੇ ਦੂਜੇ ਗੇੜ ਦੇ ਟ੍ਰਾਇਲ ਤੋਂ ਬਾਅਦ ਵੈਕਸੀਨ ਬਿਲਕੁਲ ਸੁਰੱਖਿਅਤ ਪਾਈ ਗਈ ਹੈ। ਉਨ੍ਹਾਂ ਕਿਹਾ ਵੈਕਸੀਨ ਦੇ ਟ੍ਰਾਇਲ 'ਚ ਚੰਗੇ ਨਤੀਜੇ ਸਾਹਮਣੇ ਆਏ ਹਨ।


ਭਾਰਤ ਬਾਇਓਟੈਕ ਕੰਪਨੀ ਦੀ ਮੰਨੀਏ ਤਾਂ ਵੈਕਸੀਨ ਨਾਲ ਕਿਸੇ ਤਰ੍ਹਾਂ ਦਾ ਸਾਇਡ ਇਫੈਕਟ ਦੇਖਣ ਨੂੰ ਨਹੀਂ ਮਿਲਿਆ। ਕੰਪਨੀ ਦਾ ਕਹਿਣਾ ਹੈ ਕਿ ਵੈਕਸੀਨ ਨਾ ਸਿਰਫ਼ ਸੁਰੱਖਿਅਤ ਹੈ ਬਲਕਿ ਇਮਿਊਨਿਟੀ ਵੀ ਦਿੰਦੀ ਹੈ। ਟ੍ਰਾਇਲ 'ਚ ਦੇਖਿਆ ਗਿਆ ਕਿ ਐਂਟੀਬੌਡੀਜ਼ ਬਣ ਰਹੀ ਹੈ। ਵੈਕਸੀਨ ਨਾ ਸਿਰਫ਼ ਲੌਂਗ ਟਰਮ ਐਂਟੀਬੌਡੀ ਬਣਾ ਰਹੀ ਹੈ ਬਲਕਿ ਟੀ ਸੈਲ ਮੈਮੋਰੀ ਰੈਸਪੌਂਸ ਵੀ ਦੇ ਰਹੀ ਹੈ ਜੋ ਬੇਹੱਦ ਹੀ ਖਾਸ ਹੈ।


ਟ੍ਰਾਇਲ ਦੇ ਨਤੀਜੇ ਦੇ ਮੁਤਾਬਕ ਇਹ ਐਂਟੀਬੌਡੀ ਤਿੰਨ ਮਹੀਨੇ ਤੋਂ ਜ਼ਿਆਦਾ ਰਹਿਣ 'ਚ ਸਮਰੱਥ ਹੈ। ਤਹਾਨੂੰ ਦੱਸ ਦੇਈਏ, ਇਸ ਵੈਕਸੀਨ ਨੂੰ ਭਾਰਤੀ ਮੈਡੀਕਲ ਅਨੁਸੰਧਾਨ ਪਰਿਸ਼ਦ ਤੇ ਨੈਸ਼ਨਲ ਇੰਸਟੀਟਿਊਟ ਆਫ ਵਾਇਰੌਲਜੀ ਦੇ ਸਹਿਯੋਗ ਨਾਲ ਬਣਾਇਆ ਗਿਆ ਹੈ। ਜੋ ਇਸ ਸਮੇਂ ਫੇਸ-3 ਦੇ ਟ੍ਰਾਇਲ 'ਚ ਹਨ। ਭਾਰਤ ਬਾਇਓਟੈਕ ਦੀ ਮੰਨੀਏ ਤਾਂ ਇਹ ਵੈਕਸੀਨ ਐਂਟੀਬੌਡੀ ਬਣਾ ਰਹੀ ਹੈ ਤੇ ਉਹ ਕਰੀਬ 6 ਤੋਂ 12 ਮਹੀਨੇ ਤਕ ਰਹਿ ਸਕਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਹ ਵੈਕਸੀਨ ਸਾਰੀ ਉਮਰ ਦੇ ਮਰੀਜ਼ਾਂ ਤੇ ਬਰਾਬਰ ਤਰੀਕੇ ਨਾਲ ਕੰਮ ਕਰਦੇ ਦਿਖਾਈ ਦੇ ਰਹੀ ਹੈ।


ਕੰਪਨੀ ਦੀ ਮੰਨੀਏ ਤਾਂ ਦੋਵੇਂ ਟ੍ਰਾਇਲ 'ਚ ਵੈਕਸੀਨ ਨੂੰ ਲੈਕੇ ਕਿਸੇ ਵੀ ਤਰੀਕੇ ਦਾ ਨੁਕਸਾਨ ਨਹੀਂ ਦੇਖਿਆ ਗਿਆ। ਇਹ ਵੈਕਸੀਨ ਬਿਲਕੁਲ ਸੁਰੱਖਿਅਤ ਦੱਸੀ ਜਾ ਰਹੀ ਹੈ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ