ਨਵੀਂ ਦਿੱਲੀ: ਨੋਟਬੰਦੀ ਤੋਂ ਬਾਅਦ ਮੋਦੀ ਸਰਕਾਰ ਨੇ ਪੁਰਾਣੇ ਨੋਟਾਂ ਨੂੰ ਨਵੀਂ ਦਿੱਖ ਦੇਣ ਵਿੱਚ ਦਾੜ੍ਹੀ ਨਾਲੋਂ ਮੁੱਛਾਂ ਵਧਾ ਲਈਆਂ ਹਨ। ਇੰਨਾ ਹੀ ਨਹੀਂ ਆਪਣੀ ਕੀਮਤ ਤੋਂ ਪੰਜ ਗੁਣਾ ਵੱਡੇ ਨੋਟ ਦੀ ਛਪਾਈ ਲਾਗਤ ਬਰਾਬਰ ਹੀ ਹੈ। ਭਾਰਤ ਸਰਕਾਰ ਹੁਣ 10 ਰੁਪਏ ਦੇ ਨਵੇਂ ਨੋਟ ਛਾਪਣ ਲਈ 20 ਰੁਪਏ ਦੇ ਨੋਟ ਤੋਂ ਵੱਧ ਖ਼ਰਚ ਕਰ ਰਹੀ ਹੈ ਤੇ ਨਵੇਂ 10 ਰੁਪਏ 50 ਰੁਪਏ ਦੇ ਨੋਟਾਂ ਦੀ ਛਪਾਈ ਲਾਗਤ ਬਰਾਬਰ ਹੀ ਹੈ। ਕੇਂਦਰੀ ਰਿਜ਼ਰਵ ਬੈਂਕ ਤੋਂ ਸੂਚਨਾ ਦੇ ਅਧਿਕਾਰ ਕਾਨੂੰਨ ਤਹਿਤ ਮੰਗੀ ਜਾਣਕਾਰੀ ਵਿੱਚ ਇਹ ਖੁਲਾਸਾ ਹੋਇਆ ਹੈ।



ਆਰਟੀਆਈ ਤਹਿਤ ਮੰਗੀ ਜਾਣਕਾਰੀ ਤਹਿਤ ਪਤਾ ਲੱਗਾ ਹੈ ਕਿ ਸਰਕਾਰ ਨੂੰ 2000 ਰੁਪਏ ਦੇ ਇੱਕ ਨੋਟ ਨੂੰ ਛਾਪਣ ਲਈ 4 ਰੁਪਏ 18 ਪੈਸੇ ਖ਼ਰਚ ਕਰਨੇ ਪੈਂਦੇ ਹਨ ਤੇ 500 ਰੁਪਏ ਦੇ ਨੋਟ ਨੂੰ ਛਾਪਣ ਦੀ ਲਾਗਤ 2.57 ਰੁਪਏ ਹੈ।



100 ਰੁਪਏ ਦੇ ਨੋਟ ਨੂੰ ਛਾਪਣ ਲਈ 1.51 ਰੁਪਏ ਖ਼ਰਚ ਹੁੰਦੇ ਹਨ ਜਦਕਿ 50 ਤੇ 10 ਰੁਪਏ ਨੋਟਾਂ ਦੀ ਛਪਾਈ ਲਾਗਤ 1.01 ਰੁਪਏ ਹੈ, ਜਦਕਿ 20 ਰੁਪਏ ਦੇ ਨੋਟ ਨੂੰ ਛਾਪਣ ਵਿੱਚ 10 ਰੁਪਏ ਦੇ ਨੋਟ ਨਾਲੋਂ ਇੱਕ ਪੈਸੇ ਦਾ ਘੱਟ ਖ਼ਰਚ ਆਉਂਦਾ ਹੈ।



ਜ਼ਿਕਰਯੋਗ ਹੈ ਕਿ 8 ਨਵੰਬਰ 2016 ਨੂੰ ਬੰਦ ਕੀਤੇ ਗਏ ਪੁਰਾਣੀ ਕਰੰਸੀ ਦੇ 500 ਤੇ 1000 ਰੁਪਏ ਦੇ ਨੋਟ ਛਾਪਣ ਵਿੱਚ ਸਰਕਾਰ ਨੂੰ 3.09 ਰੁਪਏ ਖ਼ਰਚਣੇ ਪੈਂਦੇ ਸਨ। ਇਸ ਦੇ ਮੁਕਾਬਲੇ 500 ਰੁਪਏ ਦੇ ਨਵੇਂ ਨੋਟ ਦੀ ਛਪਾਈ ਲਾਗਤ 52 ਪੈਸੇ ਘੱਟ ਹੈ। ਉੱਧਰ, ਪੁਰਾਣੇ ਹਜ਼ਾਰ ਰੁਪਏ ਦੇ ਨੋਟ ਨੂੰ ਛਾਪਣ ਲਈ 3.54 ਰੁਪਏ ਦਾ ਖ਼ਰਚ ਆਉਂਦਾ ਸੀ, ਜੋ ਹੁਣ ਚਾਲੂ ਆਪਣੇ ਤੋਂ ਦੁੱਗਣੀ ਕੀਮਤ ਯਾਨੀ 2000 ਰੁਪਏ ਦੇ ਨੋਟ ਤੋਂ 64 ਪੈਸੇ ਸਸਤਾ ਸੀ।