ਨਵੀਂ ਦਿੱਲੀ: ਸਰਦੀ ਦੇ ਮੌਸਮ ’ਚ ਧੁੰਦ ਕਾਰਨ ਅਕਸਰ ਹੀ ਰੇਲ ਗੱਡੀਆਂ ਦੇਰੀ ਨਾਲ ਚੱਲਦੀਆਂ ਹਨ ਪਰ ਹੁਣ ਗਰਮੀ ਦੇ ਮੌਸਮ ’ਚ ਵੀ ਰੇਲਾਂ 24 ਤੋਂ 28 ਘੰਟੇ ਦੀ ਦੇਰੀ ਨਾਲ ਚੱਲ ਰਹੀਆਂ ਹਨ। ਵਿੱਤੀ ਵਰ੍ਹਾ 2017-18 ਪਿਛਲੇ ਤਿੰਨ ਵਰ੍ਹਿਆਂ ਦੀ ਤੁਲਨਾ ’ਚ ਸਭ ਤੋਂ ਵੱਧ ਖਰਾਬ ਰਿਹਾ। ਇੱਥੇ ਕਰੀਬ 30% ਰੇਲਾਂ ਆਪਣੇ ਤੈਅ ਸਮੇਂ ਤੋਂ ਦੇਰੀ ਨਾਲ ਚੱਲ ਰਹੀਆਂ ਹਨ।   ਅਧਿਕਾਰਕ ਡੇਟਾ ਮੁਤਾਬਕ ਅਪ੍ਰੈਲ 2017 ਤੇ ਮਾਰਚ 2018 ਦੇ ਦਰਮਿਆਨ 71.39 ਪ੍ਰਤੀਸ਼ਤ ਰੇਲਾਂ ਸਮੇਂ ਤੇ ਚੱਲੀਆਂ ਜੋ 2016-17 ਦੇ 76.69 ਪ੍ਰਤੀਸ਼ਤ ਦੇ ਮੁਕਾਬਲੇ 5.30 ਪ੍ਰਤੀਸ਼ਤ ਘੱਟ ਸੀ। ਜੇਕਰ ਸਾਲ 2015-16 ਦੀ ਗੱਲ ਕਰੀਏ ਤਾਂ 77.44% ਰੇਲਾਂ ਆਪਣੇ ਤੈਅ ਸਮੇਂ 'ਤੇ ਚੱਲੀਆਂ ਸਨ। ਰੇਲਵੇ ਅਧਿਕਾਰੀਆਂ ਨੇ ਦੱਸਿਆ ਕਿ ਪਿਛਲੇ ਸਾਲ ਰੇਲਵੇ ਦੁਆਰਾ ਰੱਖ ਰਖਾਅ ਦੇ ਕਈ ਕੰਮ ਕੀਤੇ ਜਾਣ ਕਾਰਨ ਵੀ ਰੇਲਾਂ ਦੇਰੀ ਨਾਲ ਚੱਲੀਆਂ। ਸਾਲ 2016-17 ਚ ਰੇਲਵੇ ਨੇ 2,687 ਸਥਾਨਾਂ ਤੇ 15 ਲੱਖ ਤੋਂ ਵੱਧ ਰੱਖ ਰਖਾਅ ਦੇ ਕੰਮ ਕੀਤੇ ਜਿਸ ਨਾਲ ਮੇਲ ਤੇ ਐਕਸਪ੍ਰੈਸ ਰੇਲਾਂ ਦੇ ਸਮੇਂ ਵਿੱਚ ਦੇਰੀ ਹੋਈ। ਰੇਲ ਮੰਤਰਾਲੇ (ਮੀਡੀਆ ਤੇ ਸੰਚਾਰ) ਦੇ ਡਾਇਰੈਕਟਰ ਰਾਜੇਸ਼ ਦੱਤ ਵਾਜਪੇਈ ਨੇ ਕਿਹਾ ਕਿ ਅਸੀਂ ਸੁਰੱਖਿਆ ਨਾਲ ਸਮਝੌਤਾ ਕੀਤੇ ਬਿਨਾਂ ਤੇ ਪਟੜੀਆਂ ਦੀ ਮੁਰੰਮਤ ਕਰਕੇ ਰੇਲਾਂ ਦੇ ਚੱਲਣ ਵਿੱਚ ਸੁਧਾਰ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਾਂ।