ਨਵੀਂ ਦਿੱਲੀ: ਦੁਨੀਆ ਭਰ ਦੀਆਂ ਕਈ ਕੰਪਨੀਆਂ ’ਚ ਪਹਿਲਾਂ ਤੋਂ ਹੀ ਭਾਰਤੀ ਉੱਚ ਅਹੁਦਿਆਂ ’ਤੇ ਤਾਇਨਾਤ ਹਨ। ਇਸੇ ਤਰ੍ਹਾਂ ਹੁਣ ਵਟਸਐਪ ਦਾ ਅਗਲਾ ਸੀਈਓ ਵੀ ਭਾਰਤੀ ਹੋ ਸਕਦਾ ਹੈ। ਵਟਸਐਪ ਐਗਜ਼ੀਕਿਊਟਿਵ ਨੀਰਜ ਅਰੋੜਾ ਵਟਸਐਪ ਦੇ ਅਗਲੇ ਸੀਈਓ ਬਣ ਸਕਦੇ ਹਨ।
ਜੇਨ ਕੂਮ ਵੱਲੋਂ ਇਸ ਹਫ਼ਤੇ ਅਹੁਦਾ ਛੱਡਣ ਤੋਂ ਬਾਅਦ ਨੀਰਜ ਅਰੋੜਾ ਨੂੰ ਇਸ ਕੁਰਸੀ 'ਤੇ ਬਿਠਾਇਆ ਜਾ ਸਕਦਾ ਹੈ। ਜੇਨ ਕੂਮ ਨੇ 30 ਅਪ੍ਰੈਲ ਨੂੰ ਇਹ ਕਹਿ ਕੇ ਅਸਤੀਫ਼ਾ ਦਿੱਤਾ ਸੀ ਕਿ ਉਹ ਕੁਝ ਸਮੇਂ ਲਈ ਬਰੇਕ ਲੈਣਾ ਚਾਹੁੰਦੇ ਹਨ। ਟੈਕ ਕ੍ਰੰਚ ਦੀ ਰਿਪੋਰਟ ਮੁਤਾਬਕ ਸੀਈਓ ਦੇ ਅਹੁਦੇ ਲਈ ਨੀਰਜ ਸੰਭਾਵੀ ਉਮੀਦਵਾਰ ਹੋ ਸਕਦੇ ਹਨ। ਨੀਰਜ ਅਰੋੜਾ ਨੇ ਸਾਲ 2011 ਵਿੱਚ ਗੂਗਲ ਤੋਂ ਬਾਅਦ ਵਟਸਐਪ ਜ਼ੁਆਇਨ ਕੀਤਾ ਸੀ। ਪਿਛਲੇ 6 ਸਾਲਾਂ ਤੋਂ ਉਹ ਵਟਸਐਪ ਲਈ ਕੰਮ ਕਰ ਰਹੇ ਹਨ।
ਜੇਕਰ ਨੀਰਜ ਵਟਸਐਪ ਦੇ ਸੀਈਓ ਦੇ ਅਹੁਦੇ 'ਤੇ ਬਿਰਾਜਮਾਨ ਹੁੰਦੇ ਹਨ ਤਾਂ ਉਹ ਦੁਨੀਆ ਦੀਆਂ ਉਨ੍ਹਾਂ ਵੱਡੀਆਂ ਕੰਪਨੀਆਂ ਦੇ ਸੀਈਓ ’ਚ ਸ਼ਾਮਲ ਹੋ ਜਾਣਗੇ ਜਿਨ੍ਹਾਂ ’ਚ ਮਾਈਕਰੋਸੌਫਟ ਦੇ ਸੀਈਓ ਸੱਤਿਆ ਨਡੇਲਾ ਤੇ ਗੂਗਲ ਦੇ ਸੀਈਓ ਸੁੰਦਰ ਪੀਚਾਈ ਪਹਿਲਾਂ ਹੀ ਆਪਣੇ ਪੈਰ ਜਮਾ ਚੁੱਕੇ ਹਨ।
ਜਾਣੋ ਨੀਰਜ ਅਰੋੜਾ ਕੌਣ?
ਨੀਰਜ ਅਰੋੜਾ ਨੇ ਸਾਲ 2000 ਚ IIT ਦਿੱਲੀ ਤੋਂ ਪੜ੍ਹਾਈ ਕੀਤੀ ਜਿਸ ਤੋਂ ਬਾਅਦ ਉਨ੍ਹਾਂ ਸਾਲ 2006 ਵਿੱਚ ਇੰਡੀਅਨ ਸਕੂਲ ਆਫ਼ ਬਿਜ਼ਨੈਸ ਤੋਂ ਆਪਣਾ MBA ਪੂਰਾ ਕੀਤਾ। ਨੀਰਜ ਦੇ ਲਿੰਕਡਿਨ ਪ੍ਰੋਫਾਈਲ ਅਨੁਸਾਰ ਹੁਣ ਤੱਕ ਉਹ ਕਈ ਵੱਡੀਆਂ ਕੰਪਨੀਆਂ ਚ ਕੰਮ ਕਰ ਚੁੱਕੇ ਹਨ।
ਨੀਰਜ 2007 ਤੋਂ 2011 ਤੱਕ ਗੂਗਲ ਵਿੱਚ ਨੌਕਰੀ ਦੌਰਾਨ ਕਾਰਪੋਰੇਟ ਡਵੈਲਪਮੈਂਟ ਮੈਨੇਜਰ ਤੋਂ ਪ੍ਰਿੰਸੀਪਲ ਕਾਰਪੋਰੇਟ ਮੈਨੇਜਰ ਦੇ ਅਹੁਦੇ ਤੇ ਬਿਰਾਜਮਾਨ ਰਹੇ। ਇਸ ਤੋਂ ਇਲਾਵਾ ਨੀਰਜ ਪੇਟੀਐਮ ਦੇ ਬੋਰਡ ਮੈਂਬਰ ਵੀ ਰਹਿ ਚੁੱਕੇ ਹਨ। ਨੀਰਜ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਾਲ 2000 ਚ ਇਕ ਕਲਾਊਡ ਸਾਲਿਊਸ਼ਨਜ਼ ਕੰਪਨੀ Accellion ਦੇ ਨਾਲ ਕੀਤੀ ਸੀ।