ਗੰਗਟੋਕ: ਚੀਨ ਦੇ ਵੁਹਾਨ ਸ਼ਹਿਰ ਤੋਂ ਕੋਰੋਨਾ ਵਾਇਰਸ ਨਿੱਕਲਿਆ, ਉੱਥੋਂ ਤਕਰੀਬਨ ਢਾਈ ਹਜ਼ਾਰ ਕਿਲੋਮੀਟਰ ਦੂਰ ਹੈ ਸਿੱਕਮ ਦੀ ਰਾਜਧਾਨੀ ਗੰਗਟੋਕ। ਜਦਕਿ ਵੁਹਾਨ ਤੋਂ 12,000 ਕਿਲੋਮੀਟਰ ਦੂਰ ਅਮਰੀਕਾ ਦੇ ਨਿਊਯਾਰਕ ਵਿੱਚ ਕੋਰੋਨਾ ਪੀੜਤ ਡੇਢ ਲੱਖ ਮਰੀਜ਼ ਹਨ। ਦੂਜੇ ਪਾਸੇ ਸਿੱਕਿਮ ਵਿੱਚ ਇੱਕ ਵੀ ਕੋਰੋਨਾ ਮਰੀਜ਼ ਨਹੀਂ ਹੈ।


ਸਿੱਕਮ ਭਾਰਤ ਦਾ ਅਜਿਹਾ ਸੂਬਾ ਹੈ, ਜਿੱਥੇ 23 ਅਪ੍ਰੈਲ ਤਕ ਕੋਰੋਨਾ ਦਾ ਇੱਕ ਵੀ ਕੇਸ ਨਹੀਂ ਮਿਲਿਆ ਹੈ। ਇੱਥੇ ਹੁਣ ਤਕ 81 ਸ਼ੱਕੀ ਮਿਲੇ ਸਨ ਪਰ ਸਾਰਿਆਂ ਦੀ ਕੋਰੋਨਾ ਟੈਸਟ ਰਿਪੋਰਟ ਨੈਗੇਟਿਵ ਆਈ ਹੈ। ਸੱਤ ਲੱਖ ਦੀ ਆਬਾਦੀ ਵਾਲੇ ਸਿੱਕਮ ਨੇ ਕੋਰੋਨਾ ਖ਼ਿਲਾਫ਼ ਲੜਾਈ ਜਨਵਰੀ ਵਿੱਚ ਹੀ ਸੁਰੂ ਕਰ ਦਿੱਤੀ ਸੀ ਜਦੋਂ ਇਸ ਵਾਇਰਸ ਨੇ ਚੀਨ ਸਮੇਤ ਬਾਕੀ ਦੇਸ਼ਾਂ ਵਿੱਚ ਪੈਰ ਪਸਾਰਨੇ ਸ਼ੁਰੂ ਕੀਤੇ ਸਨ।

ਸੂਬੇ ਦੇ ਮੁੱਖ ਮੰਤਰੀ ਪੀ.ਐਸ. ਗੋਲੇ ਦੱਸਦੇ ਹਨ ਕਿ ਸਖ਼ਤ ਨਿਗਰਾਨ ਕਾਰਨ ਅਸੀਂ ਬਚੇ ਹੋਏ ਹਾਂ ਪਰ ਸਾਨੂੰ ਹਾਲੇ ਚੌਕਸ ਰਹਿਣ ਦੀ ਲੋੜ ਹੈ। ਸਿੱਕਿਮ ਦੀ ਜੀਡੀਪੀ ਦਾ 8% ਹਿੱਸਾ ਸੈਰ ਸਪਾਟਾ ਹੈ, ਪਰ ਫਿਰ ਵੀ ਸੂਬੇ ਨੇ 5 ਮਾਰਚ ਤੋਂ ਸੈਲਾਨੀਆਂ ਦੀ ਆਮਦ 'ਤੇ ਰੋਕ ਲਾ ਦਿੱਤੀ ਸੀ। ਸਭ ਤੋਂ ਵੱਧ ਸੈਲਾਨੀ ਮਾਰਚ-ਅਪ੍ਰੈਲ ਵਿੱਚ ਹੀ ਆਉਂਦੇ ਹਨ। ਪਰ ਇਸ ਸਾਲ ਕਿਸੇ ਵੀ ਸੈਲਾਨੀ ਨੂੰ ਦਾਖ਼ਲ ਨਹੀਂ ਹੋਣ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਦੂਜੇ ਸੂਬਿਆਂ ਤੋਂ ਵਾਪਸ ਪਰਤੇ ਨਾਗਰਿਕਾਂ ਨੂੰ 14 ਦਿਨਾਂ ਲਈ ਇਕਾਂਤਵਾਸ ਵਿੱਚ ਰੱਖਿਆ ਤੇ ਲੋਕਾਂ ਨੇ ਲੌਕਡਾਊਨ ਦੀ ਚੰਗੀ ਤਰ੍ਹਾਂ ਪਾਲਣਾ ਕੀਤੀ।

ਤਿੰਨ ਪਾਸਿਓਂ ਹਿਮਾਲਿਆ ਨਾਲ ਘਿਰੇ ਹੋਏ ਸਿੱਕਿਮ ਦੀ ਉੱਤਰੀ ਸਰਹੱਦ ਤਿੱਬਤ, ਪੱਛਮੀ ਹੱਦ ਨੇਪਾਲ ਅਤੇ ਪੂਰਬੀ ਸੀਮਾ ਭੂਟਾਨ ਨਾਲ ਲੱਗਦੀ ਹੈ। ਸਿੱਕਿਮ ਨਾਥੁਲਾ ਰਾਹੀਂ ਤਿੱਬਤ-ਚੀਨ ਨਾਲ ਵਪਾਰਕ ਪੋਸਟ ਵੀ ਸਾਂਝੀ ਕਰਦੇ ਹਨ, ਜਿੱਥੋਂ ਰੋਜ਼ 20 ਤੋਂ 100 ਟਰੱਕ ਸਰਹੱਦ ਪਾਰੋਂ ਆਉਂਦੇ ਹਨ। ਪਰ ਚੌਕਸੀ ਕਾਰਨ ਸਿੱਕਿਮ ਵਿੱਚ ਕੋਰੋਨਾ ਵਾਇਰਸ ਦਾ ਕੋਈ ਵੀ ਮਾਮਲਾ ਨਹੀਂ ਸਾਹਮਣੇ ਆਇਆ।