ਬਰਨਾਲਾ: ਕੋਰੋਨਾ ਵਾਇਰਸ ਕਾਰਨ ਲੱਗੇ ਲੌਕਡਾਊਨ ਕਾਰਨ ਦੇਸ਼ ਭਰ 'ਚ ਵੱਖ-ਵੱਖ ਥਾਵਾਂ 'ਤੇ ਕਈ ਲੋਕ ਫਸੇ ਹਨ ਤੇ ਘਰ ਵਾਪਸੀ ਦੀ ਉਡੀਕ 'ਚ ਹਨ। ਇਸੇ ਤਰ੍ਹਾਂ ਬਰਨਾਲਾ 'ਚ 60 ਕਸ਼ਮੀਰੀ ਲੋਕ ਕਰਫਿਊ ਕਾਰਨ ਫਸੇ ਹੋਏ ਹਨ ਜਿਨ੍ਹਾਂ 'ਚੋਂ ਇੱਕ ਜੰਮੂ-ਕਸ਼ਮੀਰ ਪੁਲਿਸ ਦਾ ਜਵਾਨ ਹੈ।
ਇਹ ਸਾਰੇ ਕਸ਼ਮੀਰੀ ਬਰਨਾਲਾ ਜ਼ਿਲ੍ਹੇ 'ਚ ਪਿਛਲੇ 30 ਸਾਲਾਂ ਤੋਂ ਕੰਬਲ ਆਦਿ ਵੇਚਣ ਆਉਂਦੇ ਹਨ ਪਰ ਪਿਛਲੇ ਇਕ ਮਹੀਨੇ ਤੋਂ ਵੱਧ ਸਮੇਂ ਤੋਂ ਕਰਫਿਊ ਕਾਰਨ ਇੱਥੇ ਹੀ ਫਸ ਗਏ ਹਨ। ਇਹ ਕਿਹਾ ਜਾ ਰਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਨ੍ਹਾਂ ਕਸ਼ਮੀਰੀ ਲੋਕਾਂ ਦੀ ਕੋਈ ਮਦਦ ਨਹੀਂ ਕੀਤੀ ਜਾ ਰਹੀ।
ਕਸ਼ਮੀਰੀਆਂ ਨੇ ਰਮਜ਼ਾਨ ਕਾਰਨ ਜ਼ਿਲ੍ਹਾ ਪ੍ਰਸ਼ਾਸਨ ਨੂੰ ਗੁਹਾਰ ਲਾਈ ਕਿ ਉਨ੍ਹਾਂ ਦੀ ਘਰ ਵਾਪਸੀ ਦਾ ਪ੍ਰਬੰਧ ਕੀਤਾ ਜਾਵੇ। ਉਨ੍ਹਾਂ ਦਾ ਕਹਿਣਾ ਕਿ ਇੱਥੇ ਉਹ ਭੁੱਖੇ ਮਰ ਰਹੇ ਹਨ ਜਦਕਿ ਕਸ਼ਮੀਰ 'ਚ ਇਹੀ ਹਾਲ ਉਨ੍ਹਾਂ ਦੇ ਪਰਿਵਾਰ ਦਾ ਹੈ।
ਓਧਰ ਜ਼ਿਲ੍ਹਾ ਪ੍ਰਸ਼ਾਸਨ ਦਾ ਕਹਿਣਾ ਕਿ ਉਨ੍ਹਾਂ ਪੰਜਾਬ ਸਰਕਾਰ ਕੋਲ ਇਨ੍ਹਾਂ ਕਸ਼ਮੀਰੀ ਲੋਕਾਂ ਲਈ ਪੱਤਰ ਲਿਖ ਕੇ ਭੇਜਿਆ ਹੈ ਜੋ ਵੀ ਸਰਕਾਰ ਦਾ ਹੁਕਮ ਹੋਵੇਗਾ ਉਸਦੇ ਮੁਤਾਬਕ ਅਗਲਾ ਕਦਮ ਚੁੱਕਿਆ ਜਾਵੇਗਾ।