ਚੰਡੀਗੜ੍ਹ: ਮੁਕਤਸਰ ਸਾਹਿਬ ਦੇ ਐਸਐਸਪੀ ਰਾਜ ਬਚਨ ਸਿੰਘ ਸੰਧੂ ਨੇ ਸ਼ਰਾਬ ਦੀਆਂ ਪੇਟੀਆਂ ਚੋਰੀ ਕਰਨ ਦੇ ਇਲਜ਼ਾਮ ਤਹਿਤ ਗਿੱਦੜਬਹਾ ਦੇ ਐਸਐਚਓ ਨੂੰ ਲਾਇਨ ਹਾਜ਼ਰ ਕਰ ਦਿੱਤਾ ਗਿਆ। ਐਸਐਚਓ 'ਤੇ ਠੇਕੇਦਾਰ ਦੇ ਗਦਾਮ 'ਚੋਂ ਸ਼ਰਾਬ ਦੀਆਂ 221 ਪੇਟੀਆਂ ਚੋਰੀ ਕਰਨ ਦੇ ਇਲਜ਼ਾਮ ਹਨ। ਚੋਰੀ ਕੀਤੀਆਂ ਪੇਟੀਆਂ ਦੀ ਕੀਮਤ ਕਰੀਬ ਛੇ ਲੱਖ ਰੁਪਏ ਦੱਸੀ ਗਈ ਹੈ।


ਗੁਰਦਰਸ਼ਨ ਸਿੰਘ ਠੇਕੇਦਾਰ ਨੇ ਜ਼ਿਲ੍ਹਾ ਮੁਕਤਸਰ ਸਾਹਿਬ ਦੇ ਡੀਸੀ ਨੂੰ ਲਿਖਤੀ ਸ਼ਿਕਾਇਤ ਦਰਜ ਕਰਵਾਈ ਸੀ। ਗੁਰਦਰਸ਼ਨ ਸਿੰਘ ਦਾ ਇਲਜ਼ਾਮ ਸੀ ਕਿ ਐਸਐਚਓ ਕ੍ਰਿਸ਼ਨ ਕੁਮਾਰ ਨੇ 28 ਮਾਰਚ ਨੂੰ ਉਸ ਤੋਂ ਦੋ ਸੌ ਪੇਟੀਆਂ ਸ਼ਰਾਬ ਦੀ ਮੰਗ ਕੀਤੀ ਸੀ ਪਰ ਉਨ੍ਹਾਂ ਸ਼ਰਾਬ ਦੇਣ ਤੋਂ ਇਨਕਾਰ ਕਰ ਦਿੱਤਾ ਸੀ।


ਇਸ ਮਗਰੋਂ ਐਸਐਚਓ ਅੱਠ ਅਪ੍ਰੈਲ ਨੂੰ ਗਿੱਦੜਬਾਹਾ ਦੇ ਡੀਐਸਪੀ ਨਾਲ ਉਸ ਦੇ ਘਰ ਰੇਡ ਕਰਨ ਗਿਆ ਤੇ ਉਸ ਦੇ ਕਰਿੰਦਿਆਂ ਨੂੰ ਹਿਰਾਸਤ ਵਿੱਚ ਲੈ ਲਿਆ ਤੇ ਗਦਾਮ ਦੀਆਂ ਚਾਬੀਆਂ ਆਪਣੇ ਕਬਜ਼ੇ ਵਿੱਚ ਲੈ ਲਈਆਂ। ਅਗਲੇ ਦਿਨ ਐਸਐਚਓ ਨੇ ਕਥਿਤ ਤੌਰ 'ਤੇ ਠੇਕੇਦਾਰ ਤੋਂ ਇੱਕ ਲੱਖ ਰੁਪਏ ਰਿਸ਼ਵਤ ਲਈ ਤੇ ਚਾਬੀਆਂ ਵਾਪਸ ਕਰ ਦਿੱਤੀਆਂ।


ਚਾਬੀਆਂ ਲੈਣ ਮਗਰੋਂ ਜਦੋਂ ਠੇਕੇਦਾਰ ਨੇ ਗਦਾਮ ਚੈੱਕ ਕੀਤਾ ਤਾਂ 221 ਪੇਟੀਆਂ ਸ਼ਰਾਬ ਗਾਇਬ ਸੀ। ਠੇਕੇਦਾਰ ਗੁਰਦਰਸ਼ਨ ਸਿੰਘ ਨੇ ਇਸ ਦੀ ਲਿਖਤੀ ਸ਼ਿਕਾਇਤ ਮੁਕਤਸਰ ਦੇ ਡੀਸੀ ਕੋਲ ਕੀਤੀ ਤਾਂ ਜਿਸ ਮਗਰੋਂ ਮੁਕਤਸਰ ਦੇ ਐਸਐਸਪੀ ਨੇ ਐਕਸ਼ਨ ਲੈਂਦਿਆਂ ਕਾਰਵਾਈ ਕੀਤੀ ਹੈ।