ਨਵੀਂ ਦਿੱਲੀ-ਪੈਸੇਫ਼ਿਕ ਸਕੂਲ ਖੇਡਾਂ ਲਈ ਆਸਟ੍ਰੇਲੀਆ ਗਈਆਂ ਖਿਡਾਰਨਾਂ ਵਿੱਚੋਂ ਇੱਕ ਨਿਤਿਸ਼ਾ ਨੇਗੀ (15) ਦੀ ਮੌਤ ਹੋ ਗਈ ਹੈ। ਐਡੀਲੇਡ ਦੇ ਗਲੇਨੇਲਗ 'ਚ ਹੋਲਡਫਾਸਟ ਮਰੀਨਾ ਤੱਟ 'ਤੇ ਭਿਆਨਕ ਹਾਦਸਾ ਵਾਪਰਿਆ। ਇਸ ਹਾਦਸੇ ਵਿੱਚੋਂ 4 ਖਿਡਾਰਨਾਂ ਨੂੰ ਬਚਾਅ ਲਿਆ ਗਿਆ ਜਦਕਿ ਇੱਕ ਦੀ ਡੁੱਬਣ ਨਾਲ ਮੌਤ ਹੋ ਗਈ।
ਜਿਨ੍ਹਾਂ ਚਾਰ ਲੜਕੀਆਂ ਨੂੰ ਬਚਾਇਆ ਗਿਆ ਉਨ੍ਹਾਂ 'ਚੋਂ 2 ਨੂੰ ਫਿਲੰਡਰਜ਼ ਮੈਡੀਕਲ ਸੈਂਟਰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ, ਜਿਨ੍ਹਾਂ 'ਚੋਂ ਇਕ ਲੜਕੀ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਜਾਣਕਾਰੀ ਮੁਤਾਬਿਕ ਇਹ ਲੜਕੀਆਂ ਪੈਸੇਫ਼ਿਕ ਸਕੂਲ ਖੇਡਾਂ ਲਈ ਆਸਟ੍ਰੇਲੀਆ ਗਈਆਂ ਸਨ। ਆਸਟ੍ਰੇਲੀਆ ਦੇ ਐਡੀਲੇਡ 'ਚ ਇਹ ਖੇਡਾਂ ਕਰਵਾਈਆਂ ਜਾ ਰਹੀਆਂ ਸਨ। ਇਹ ਸਾਰੀਆਂ ਫੁੱਟਬਾਲ ਦੀਆਂ ਖਿਡਾਰਨਾਂ ਹਨ। ਸਨਿਚਰਵਾਰ ਨੂੰ ਸਮਾਪਤ ਹੋਈਆਂ ਇਨ੍ਹਾਂ ਖੇਡਾਂ 'ਚ 15 ਦੇਸ਼ਾਂ ਦੇ ਲਗਪਗ 4000 ਖਿਡਾਰੀਆਂ ਨੇ ਹਿੱਸਾ ਲਿਆ। ਪੈਸੇਫ਼ਿਕ ਸਕੂਲ ਖੇਡਾਂ ਲਈ ਭਾਰਤ ਵਲੋਂ ਹਾਕੀ, ਫੁੱਟਬਾਲ, ਸਾਫ਼ਟਬਾਲ, ਨੈੱਟਬਾਲ, ਤੈਰਾਕੀ ਤੇ ਡਾਈਵਿੰਗ ਦੀਆਂ ਟੀਮਾਂ ਸ਼ਾਮਿਲ ਹਨ, ਜਿਨ੍ਹਾਂ 'ਚ 180 ਖਿਡਾਰੀਆਂ ਨੇ ਹਿੱਸਾ ਲਿਆ।
ਸੈਰ ਸਪਾਟਾ, ਮਨੋਰੰਜਨ ਤੇ ਖੇਡ ਮੰਤਰੀ ਲਿਓਨ ਬਿਗਨਲ ਨੇ ਕਿਹਾ ਕਿ ਦੱਖਣੀ ਆਸਟ੍ਰੇਲੀਆ ਦੀ ਸਰਕਾਰ ਪੀੜਤਾ ਦੀ ਮ੍ਰਿਤਕ ਦੇਹ ਨੂੰ ਭਾਰਤ ਵਾਪਸ ਲੈ ਜਾਣ ਲਈ ਭੁਗਤਾਨ ਕਰੇਗੀ।