ਕੋਲਕਾਤਾ: ਇੰਡੀਗੋ ਏਅਰਲਾਈਨਜ਼ ਦੇ ਦੋ ਹਵਾਈ ਜਹਾਜ਼ ਬੁੱਧਵਾਰ ਨੂੰ ਹਵਾ ਵਿੱਚ ਟਕਰਾਉਣ ਤੋਂ ਬਚ ਗਏ। ਜੇਕਰ 45 ਸੈਕੰਡ ਦੀ ਦੇਰੀ ਹੋ ਜਾਂਦੀ ਤਾਂ ਬੇਹੱਦ ਭਿਆਨਕ ਹਾਦਸਾ ਵਾਪਰ ਸਕਦਾ ਸੀ, ਪਰ ਸਮਾਂ ਰਹਿੰਦੇ ਹੀ ਹਵਾਈ ਆਵਾਜਾਈ ਕਾਬੂ ਕਰਨ ਵਿੱਚ ਰੁੱਝੀ ਟੀਮ ਨੇ ਦੋਵਾਂ ਜਹਾਜ਼ਾਂ ਦੇ ਪਾਇਲਟਾਂ ਨੂੰ ਚੌਕਸ ਕਰ ਦਿੱਤਾ।


ਏਅਰਪੋਰਟ ਅਥਾਰਟੀ ਆਫ਼ ਇੰਡੀਆ ਦੇ ਅਧਿਕਾਰੀ ਨੇ ਵੀਰਵਾਰ ਸ਼ਾਮ ਦੱਸਿਆ ਕਿ ਬੁੱਧਵਾਰ ਸਵੇਰੇ 5:10 ਵਜੇ ਇੰਡੀਗੋ ਦੇ ਦੋ ਹਵਾਈ ਜਹਾਜ਼ ਇੱਕ-ਦੂਜੇ ਦੇ ਕਾਫੀ ਨੇੜੇ ਆ ਗਏ ਸਨ। ਇਨ੍ਹਾਂ ਜਹਾਜ਼ਾਂ ਵਿੱਚੋਂ 35,000 ਫੁੱਟ ਦੀ ਉਚਾਈ 'ਤੇ ਭਾਰਤੀ ਹਵਾਈ ਖੇਤਰ ਵਿੱਚ ਉੱਡ ਰਹੇ ਇੱਕ ਜਹਾਜ਼ ਨੇ ਚੇਨੰਈ ਤੋਂ ਗੁਹਾਟੀ ਲਈ ਉਡਾਣ ਭਰੀ ਸੀ, ਜਦਕਿ ਦੂਜਾ ਜਹਾਜ਼ 36,000 ਫੁੱਟ ਦੀ ਉਚਾਈ 'ਤੇ ਬੰਗਲਾਦੇਸ਼ ਦੇ ਹਵਾਈ ਖੇਤਰ ਥਾਣੀਂ ਕੋਲਕਾਤਾ ਆ ਰਿਹਾ ਸੀ।

ਬੰਗਲਾਦੇਸ਼ ਦੇ ਏਅਰ ਟ੍ਰੈਫਿਕ ਕੰਟ੍ਰੋਲਰ ਨੇ ਇੰਡੀਗੋ ਦੀ ਫਲਾਈਟ ਨੂੰ 35,000 ਫੁੱਟ 'ਤੇ ਉੱਡਣ ਦਾ ਨਿਰਦੇਸ਼ ਦਿੱਤਾ, ਜਿਸ ਨਾਲ ਇਹ ਗੁਹਾਟੀ ਜਾਣ ਵਾਲੀ ਉਡਾਣ ਦੇ ਬਿਲਕੁਲ ਨੇੜੇ ਆ ਗਈ। ਪਰ ਕੋਲਕਾਤਾ ਦੇ ਏਟੀਸੀ ਨੇ ਸਮਾਂ ਰਹਿੰਦਿਆਂ ਗੁਹਾਟੀ ਵਾਲੀ ਉਡਾਣ ਨੂੰ ਦਿਸ਼ਾ ਬਦਲਣ ਦੇ ਨਿਰਦੇਸ਼ ਦਿੱਤੇ ਤੇ ਟੱਕਰ ਹੋਣੋਂ ਬਚ ਗਈ।

ਇਸ ਵਿੱਚ ਜੇਕਰ 45 ਸੈਕੰਡ ਦੀ ਦੇਰੀ ਹੋ ਜਾਂਦੀ ਤਾਂ ਦੋਵੇਂ ਜਹਾਜ਼ ਹਵਾ ਵਿੱਚ ਟਕਰਾਅ ਸਕਦੇ ਸੀ। ਉੱਧਰ, ਇੰਡੀਗੋ ਕੰਪਨੀ ਇਸ ਘਟਨਾ 'ਤੇ ਪਰਦਾ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ ਇਸੇ ਲਈ ਉਨ੍ਹਾਂ ਦੇ ਬੁਲਾਰੇ ਨੇ ਅਜਿਹੀ ਘਟਨਾ ਬਾਰੇ ਅਣਜਾਣ ਹੋਣ ਦੀ ਗੱਲ ਕਹੀ ਤੇ ਜਹਾਜ਼ ਵਿੱਚ ਸਵਾਰ ਮੁਸਾਫ਼ਰਾਂ ਬਾਰੇ ਵੀ ਕੋਈ ਖ਼ਾਸ ਜਾਣਕਾਰੀ ਨਹੀਂ ਦਿੱਤੀ।