ਨਵੀਂ ਦਿੱਲੀ: ਸ਼ਾਰਜਾਹ ਤੋਂ ਲਖਨਾਉ ਆ ਰਹੀ ਇੰਡੀਗੋ ਦੀ ਉਡਾਣ ਨੂੰ ਪਾਕਿਸਤਾਨ ਦੇ ਕਰਾਚੀ ਵਿੱਚ ਐਮਰਜੈਂਸੀ ਲੈਂਡਿੰਗ ਕਰਨੀ ਪਈ। ਹਾਸਲ ਜਾਣਕਾਰੀ ਮੁਤਾਬਕ ਇੱਕ ਵਿਅਕਤੀ ਨੂੰ ਜਹਾਜ਼ ਦੇ ਅੰਦਰ ਹਾਰਟ ਅਟੈਕ ਆ ਗਿਆ ਤੇ ਉਸ ਦੀ ਮੌਤ ਹੋ ਗਈ। ਘਟਨਾ ਦੇ ਸਮੇਂ ਜਹਾਜ਼ ਹਵਾ ਵਿੱਚ ਸੀ।



ਮੀਡੀਆ ਰਿਪੋਰਟਾਂ ਅਨੁਸਾਰ, ਇੰਡੀਗੋ ਏਅਰਲਾਇੰਸ ਦੀ ਉਡਾਣ ਨੰਬਰ 6E1412 ਨੂੰ ਪਾਕਿਸਤਾਨ ਦੇ ਕਰਾਚੀ ਏਅਰਪੋਰਟ 'ਤੇ ਐਮਰਜੈਂਸੀ ਲੈਂਡਿੰਗ ਕਰਨੀ ਪਈ। ਦੱਸਿਆ ਜਾ ਰਿਹਾ ਹੈ ਕਿ ਜਦੋਂ ਜਹਾਜ਼ ਦੇ ਅੰਦਰ ਯਾਤਰੀ ਨੂੰ ਦਿਲ ਦਾ ਦੌਰਾ ਪਿਆ, ਤਾਂ ਪਾਇਲਟ ਨੇ ਕਰਾਚੀ ਏਅਰਪੋਰਟ ਤੋਂ ਐਮਰਜੈਂਸੀ ਲੈਂਡਿੰਗ ਲਈ ਇਜਾਜ਼ਤ ਮੰਗੀ ਪਰ ਜਹਾਜ਼ ਦੇ ਉਤਰਨ ਤੋਂ ਪਹਿਲਾਂ ਹੀ ਯਾਤਰੀ ਦੀ ਮੌਤ ਹੋ ਗਈ।

ਯਾਤਰੀ ਦੀ ਮੌਤ 'ਤੇ ਇੰਡੀਗੋ ਨੇ ਕਿਹਾ ਹੈ ਕਿ ਸ਼ਾਰਜਾਹ ਤੋਂ ਲਖਨਾਉ ਜਾ ਰਹੇ ਇੱਕ ਜਹਾਜ਼ ਵਿੱਚ ਡਾਕਟਰੀ ਐਮਰਜੈਂਸੀ ਤੋਂ ਬਾਅਦ ਉਡਾਣ ਨੂੰ ਕਰਾਚੀ ਮੋੜ ਦਿੱਤਾ ਗਿਆ ਸੀ। ਬਦਕਿਸਮਤੀ ਨਾਲ ਯਾਤਰੀ ਨੂੰ ਬਚਾਇਆ ਨਹੀਂ ਜਾ ਸਕਿਆ ਤੇ ਮੈਡੀਕਲ ਟੀਮ ਨੇ ਏਅਰਪੋਰਟ 'ਤੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਇਸ ਜਹਾਜ਼ ਨੇ ਪਹਿਲਾਂ ਅਹਿਮਦਾਬਾਦ ਜਾਣਾ ਸੀ ਤੇ ਫਿਰ ਇਸਨੇ ਲਖਨਾਉ ਪਹੁੰਚਣਾ ਸੀ।