ਸ੍ਰੀਨਗਰ: ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਮੂ–ਕਸ਼ਮੀਰ 'ਚ ਕੰਟਰੋਲ ਰੇਖਾ ਥਾਣੀਂ ਹੋਣ ਵਾਲਾ ਕਾਰੋਬਾਰ ਸ਼ੁੱਕਰਵਾਰ ਤੋਂ ਮੁਲਤਵੀ ਕਰ ਦਿੱਤਾ ਹੈ। ਭਾਰਤ ਨੇ ਵਪਾਰਕ ਲਾਂਘੇ ਦੀ ਦੁਰਵਰਤੋਂ ਹੋਣ ਤੋਂ ਸਾਵਧਾਨੀ ਵਰਤਦਿਆਂ ਇਹ ਕਦਮ ਚੁੱਕਿਆ ਹੈ।


ਕੇਂਦਰੀ ਗ੍ਰਹਿ ਮੰਤਰਾਲੇ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ ਕਿ ਇਹ ਕਾਰਵਾਈ ਇਸ ਲਈ ਕੀਤੀ ਗਈ ਹੈ ਕਿਉਂਕਿ ਸਰਕਾਰ ਨੂੰ ਅਜਿਹੀਆਂ ਰਿਪੋਰਟਾਂ ਲਗਾਤਾਰ ਮਿਲ ਰਹੀਆਂ ਸਨ ਕਿ ਕੰਟਰੋਲ ਰੇਖਾ ਵਾਲੇ ਕਾਰੋਬਾਰੀ ਲਾਂਘਿਆਂ ਰਾਹੀਂ ਪਾਕਿਸਤਾਨ ਤੋਂ ਗ਼ੈਰ–ਕਾਨੂੰਨੀ ਤਰੀਕੇ ਹਥਿਆਰ, ਨਸ਼ੀਲੇ ਪਦਾਰਥ ਤੇ ਜਾਅਲੀ ਕਰੰਸੀ ਦੀ ਤਸਕਰੀ ਹੋ ਰਹੀ ਸੀ।


ਮੰਤਰਾਲੇ ਨੇ ਇਹ ਵੀ ਦੱਸਿਆ ਕਿ ਰਾਸ਼ਟਰੀ ਜਾਂਚ ਏਜੰਸੀ (NIA) ਦੀ ਜਾਂਚ ਦੌਰਾਨ ਇਹ ਤੱਥ ਸਾਹਮਣੇ ਆਇਆ ਹੈ ਕਿ LoC ਰਾਹੀਂ ਜੋ ਵੀ ਕਾਰੋਬਾਰ ਹੁੰਦਾ ਰਿਹਾ ਹੈ, ਉਸ ਵਿੱਚ ਅਜਿਹੇ ਬਹੁਤ ਸਾਰੇ ਅਨਸਰ ਮੌਜੂਦ ਹਨ, ਜਿਹੜੇ ਦਹਿਸ਼ਤਗਰਦੀ ਤੇ ਵੱਖਵਾਦ ਨੂੰ ਹੱਲਾਸ਼ੇਰੀ ਦੇ ਰਹੇ ਪਾਬੰਦੀਸ਼ੁਦਾ ਸੰਗਠਨਾਂ ਨਾਲ ਵੀ ਨੇੜਿਓਂ ਜੁੜੇ ਹੋਏ ਹਨ। ਇਸ ਲਈ 19 ਅਪਰੈਲ ਤੋਂ ਇਹ ਕਾਰੋਬਾਰੀ ਲਾਂਘਾ ਅਗਲੇ ਹੁਕਮਾਂ ਤਕ ਬੰਦ ਕਰ ਦਿੱਤਾ ਗਿਆ ਹੈ। ਇਹ ਵਪਾਰ ਦੋ ਕੁ ਹਫ਼ਤੇ ਠੱਪ ਰਹਿਣ ਮਗਰੋਂ ਮੰਗਲਵਾਰ ਨੂੰ ਮੁੜ ਸ਼ੁਰੂ ਹੋਇਆ ਸੀ। ਪਾਕਿਸਤਾਨ ਵੱਲੋਂ ਗੋਲ਼ੀਬੰਦੀ ਦੀ ਉਲੰਘਣਾ ਕਾਰਨ ਪਹਿਲੀ ਅਪਰੈਲ ਤੋਂ ਬੰਦ ਸੀ।